ਨਵੀਂ ਦਿੱਲੀ, 6 ਜਨਵਰੀ
ਕਾਂਗਰਸ ਨੇ ਅੱਜ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਸੁਰੱਖਿਆ ’ਚ ਖਾਮੀਆਂ’ ਦੇ ਨਾਂ ਉੱਤੇ ਹਲਕੀ ਸਿਆਸਤ ਲਈ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਵਿਵਾੜ ਖੜ੍ਹਾ ਕਰ ਰਹੀ ਹੈ, ਜੋ ਜਮਹੂਰੀਅਤ ਲਈ ਖ਼ਤਰਨਾਕ ਹੈ। ਖੇੜਾ ਨੇ ਕਈ ਮਿਸਾਲਾਂ ਦੇ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਪਹਿਲਾਂ ਵੀ ਦਿੱਲੀ, ਨੌਇਡਾ ਤੇ ਲਖਨਊ ਵਿਚ ਰੋਕਿਆ ਗਿਆ ਹੈ, ਪਰ ਉਨ੍ਹਾਂ ਉਥੋਂ ਦੇ ਮੁੱਖ ਮੰਤਰੀਆਂ ਨੂੰ ਬਦਨਾਮ ਕਰਨ ਲਈ ਉਹ ਸ਼ਬਦਾਵਲੀ ਨਹੀਂ ਵਰਤੀ ਜੋ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵਰਤੀ ਸੀ। ਖੇੜਾ ਨੇ ਕਿਹਾ, ‘‘ਤੁਸੀਂ ਪੂਰੇ ਪੰਜਾਬ, ਇਥੋਂ ਦੇ ਤਿੰਨ ਕਰੋੜ ਲੋਕਾਂ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਚਾਹੁੰਦੇ ਹੋ। ਪੰਜਾਬੀ ਸਭਿਆਚਾਰ ਤਾਂ ਅਜਿਹਾ ਹੈ, ਇਥੋਂ ਦੇ ਲੋਕ ਆਪਣੀ ਜਾਨ ਦੇ ਕੇ ਦੂਜੇ ਨੂੰ ਬਚਾਉਂਦੇ ਹਨ ਤੇ ਹਰ ਪੰਜਾਬੀ ’ਚ ਇਹ ਦਲੇਰੀ ਹੈ।’’ ਉਨ੍ਹਾਂ ਕਿਹਾ, ‘ਸੌੜੀਆਂ ਸਿਆਸੀ ਜੰਗਾਂ ਜਿੱਤਣ ਲਈ ਤੁਸੀਂ ਦੇਸ਼, ਇਸ ਦੇ ਕਿਸੇ ਧਰਮ ਤੇ ਇਥੋਂ ਦੀ ਕਿਸੇ ਸੰਸਥਾ ਨੂੰ ਕਮਜ਼ੋਰ ਨਹੀਂ ਕਰ ਸਕਦੇ। ਪਰ ਬਦਕਿਸਮਤੀ ਨਾਲ ਪ੍ਰਧਾਨ ਮੰਤਰੀ ਨੇ ਹਮੇਸ਼ਾ ਇਹੀ ਰਾਹ ਚੁਣਿਆ ਹੈ, ਖਾਸ ਕਰਕੇ ਉਦੋੋਂ ਜਦੋਂ ਇਸ ਖਿੱਤੇ ਦਾ ਭਾਜਪਾ ਨਾਲ ਕੋਈ ਲੈਣ ਦੇਣ ਨਹੀਂ ਹੈ, ਖਿੱਤੇ ਦੇੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਂਦੇ।’’ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਵਿਸ਼ੇਸ਼ ਸੁਰੱਖਿਆ ਸਮੂਹ (ਐੱਸਪੀਜੀ) ਜਿਸ ‘ਬਲੂ ਬੁੱਕ’ ਨੂੰ ਫੋਲੋ ਕਰਦਾ ਹੈ, ਉਸ ਦੀ ਸ਼ੁਰੂਆਤ ਵਿੱਚ ਹੀ ਇਹ ਸਬਕ ਹੈ ਕਿ ਸਾਰੇ ਸੰਭਾਵੀ ਭਾਈਵਾਲ ਤੇ ਸੁਰੱਖਿਆ ਏਜੰਸੀਆਂ ਮਿਲ ਕੇ ਇਸ ਵਿਚਲੀਆਂ ਹਦਾਇਤਾਂ/ਸੇਧਾਂ ਦੇ ‘ਅੱਖਰ ਅੱਖਰ’ ਦਾ ਪਾਲਣ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਆਖਰੀ ਫੈਸਲਾ ਐੱਸਪੀਜੀ ਦਾ ਹੁੰਦਾ ਹੈ ਤੇ ਹੋਰ ਏਜੰਸੀਆਂ ਇਸ ਫੈਸਲੇ ਨੂੰ ਅਮਲੀ ਰੂਪ ਦੇਣ ’ਚ ਮਦਦ ਕਰਦੀਆਂ ਹਨ। ਖੇੜਾ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਚਾਣਚੱਕ ਮਿੱਥੀ ਯੋਜਨਾ ਬਦਲਣ ਤੇ ਨਿਰਧਾਰਿਤ ਬਦਲਵਾਂ ਰੂਟ ਨਾ ਲੈਣ ਕਰਕੇ ਵਾਪਰਿਆ। -ਪੀਟੀਆਈ
ਮੋਦੀ ਕੋਲ ਪਿਛਲੇ ਪ੍ਰਧਾਨ ਮੰਤਰੀਆਂ ਨਾਲੋਂ 10 ਗੁਣਾਂ ਵੱਧ ਸੁਰੱਖਿਆ: ਖੜਗੇ
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨਾਲੋਂ 10 ਗੁਣਾਂ ਵੱਧ ਸੁਰੱਖਿਆ ਹੈ। ਉਨ੍ਹਾਂ ਕੋਲ ਵਿਦੇਸ਼ ਵਿੱਚ ਨਿਰਮਤ ਸਭ ਤੋਂ ਬਿਹਤਰ ਬੁਲੇਟ ਪਰੂਫ਼ ਕਾਰਾਂ ਹਨ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਸਿਰ ‘ਸੁਰੱਖਿਆ ਖਾਮੀਆਂ’ ਦਾ ਦੋਸ਼ ਮੜਿਆ ਜਾ ਰਿਹੈ। ਖੜਗੇ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਭਾਵੁਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।