ਨਵੀਂ ਦਿੱਲੀ, 8 ਫਰਵਰੀ
ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਕੀਤੀ ਤਕਰੀਰ ਮਹਿਜ਼ ਸਿਆਸੀ ਭਾਸ਼ਨ ਸੀ, ਜੋ ਸਾਰ ਤੱਤ ਤੋਂ ਬਿਨਾਂ ਸੀ ਤੇ ਉਨ੍ਹਾਂ (ਮੋਦੀ) ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਬਾਰੇ ਚੁੱਪੀ ਧਾਰ ਕੇ ‘ਅੰਨਦਾਤੇ’ ਨਾਲ ‘ਧਰੋਹ’ ਕਮਾਇਆ ਹੈ। ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦਾ ਪ੍ਰਧਾਨ ਮੰਤਰੀ ਵੱਲੋਂ ਜਵਾਬ ਦਿੱਤੇ ਜਾਣ ਤੋਂ ਫੌਰੀ ਮਗਰੋਂ ਕਾਂਗਰਸ ਮੈਂਬਰ ਰਾਜ ਸਭਾ ’ਚੋਂ ਵਾਕਆਊਟ ਕਰ ਗਏ ਸਨ। ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਆਪਣੇ ਸੰਬੋਧਨ ਵਿਚ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਮੁਖਾਤਬਿ ਹੋਣਗੇ, ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਵੱਲ ਸੀ, ਪਰ ਸ੍ਰੀ ਮੋਦੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 75 ਦਿਨਾਂ ਤੋਂ ਚੱਲ ਰਹੇ ਅੰਦੋਲਨ ਦਾ ਕੋਈ ਹੱਲ ਨਾ ਸੁਝਾਅ ਕੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। -ਪੀਟੀਆਈ