ਵਡੋਦਰਾ, 18 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇੱਥੇ ਲੈਪਰੋਸੀ ਗਰਾਊਂਡ ਵਿੱਚ ਇੱਕ ਸਮਾਗਮ ਦੌਰਾਨ ਰੇਲਵੇ ਪ੍ਰਾਜੈਕਟਾਂ ਸਣੇ 21,000 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਈਆਂ ਦਾ ਉਦਘਾਟਨ ਕੀਤਾ। ਮੰਚ ’ਤੇ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਖੁੱਲ੍ਹੀ ਜੀਪ ਵਿੱਚ ਬੈਠ ਕੇ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਇੱਥੇ ਪੁੱਜੇ ਲੋਕਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਸਵੇਰੇ ਪ੍ਰਧਾਨ ਮੰਤਰੀ ਨੇ ਆਪਣੀ ਮਾਤਾ ਹੀਰਾਬੇਨ ਨਾਲ ਮੁਲਾਕਾਤ ਕੀਤੀ, ਜੋ ਅੱਜ ਆਪਣੇ 100ਵੇਂ ਸਾਲ ਵਿੱਚ ਦਾਖ਼ਲ ਹੋ ਗਏ ਹਨ ਅਤੇ ਗਾਂਧੀਨਗਰ ਨੇੜੇ ਆਪਣੀ ਰਿਹਾਇਸ਼ ’ਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਮੋਦੀ ਸਵੇਰੇ ਸਾਢੇ ਛੇ ਵਜੇ ਰਾਏਸਨ ਪਿੰਡ ਵਿੱਚ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਅੱਧਾ ਘੰਟਾ ਉਥੇ ਬਿਤਾਇਆ। ਵਡੋਦਰਾ ਵਿੱਚ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਡੋਦਰਾ ਨੇ ਉਨ੍ਹਾਂ ਦਾ ਉਸ ਤਰ੍ਹਾਂ ਪਾਲਣ-ਪੋਸ਼ਣ ਕੀਤਾ ਹੈ, ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦਾ ਕਰਦੀ ਹੈ। -ਆਈਏਐੱਨਐੱਸ