ਨਵੀਂ ਦਿੱਲੀ: ਕਾਂਗਰਸ ਨੇ ਡਾਲਰ ਮੁਕਾਬਲੇ ਰੁਪਏ ਦੀ ਕੀਮਤ 80 ਰੁਪਏ ਤੱਕ ਪਹੁੰਚ ਜਾਣ ਮਗਰੋਂ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਪਏ ਲਈ ਹਾਨੀਕਾਰਕ ਹਨ। ਕਾਂਗਰਸ ਦੇ ਸਾਬਕਾ ਪ੍ਰਧਾਾਨ ਰਾਹੁਲ ਗਾਂਧੀ ਨੇ ‘ਅਬ ਕੀ ਬਾਰ 80 ਪਾਰ’ ਹੈਸ਼ਟੈਗ ਤੋਂ ਟਵੀਟ ਕੀਤਾ, ‘ਦੇਸ਼ ਨਿਰਾਸ਼ਾ ’ਚ ਡੁੱਬਿਆ ਹੋਇਆ ਹੈ। ਇਸ ਤੁਹਾਡੇ ਹੀ ਸ਼ਬਦ ਹਨ ਪ੍ਰਧਾਨ ਮੰਤਰੀ ਜੀ? ਉਸ ਸਮੇਂ ਤੁਸੀਂ ਜਿੰਨਾ ਰੌਲਾ ਪਾਉਂਦੇ ਸੀ, ਅੱਜ ਰੁਪਏ ਦੀ ਕੀਮਤ ਤੇਜ਼ੀ ਨਾਲ ਡਿੱਗਦੀ ਦੇਖ ਕੇ ਓਨੇ ਹੀ ਚੁੱਪ ਹੋ।’ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਡਾਲਰ ਮੁਕਾਬਲੇ ਰੁਪਿਆ ਡਿੱਗ ਰਿਹਾ ਹੈ। ਰੁਜ਼ਗਾਰ ਘੱਟ ਰਹੇ ਹਨ। ਦੇਸ਼ ਦੇ ਲੋਕਾਂ ਦੀ ਆਮਦਨ ਘੱਟ ਰਹੀ ਹੈ ਪਰ ਪ੍ਰਧਾਨ ਮੰਤਰੀ ਦਫ਼ਤਰ ’ਚ ਉਨ੍ਹਾਂ ਸ਼ਬਦਾਂ/ਪ੍ਰੋਗਰਾਮਾਂ/ਤਰੀਕਿਆਂ ਦੀ ਸੂਚੀ ਵਧਦੀ ਜਾ ਰਹੀ ਹੈ ਜਿਨ੍ਹਾਂ ਰਾਹੀਂ ਤੁਸੀਂ ਇਸ ’ਤੇ ਸਵਾਲ ਪੁੱਛ ਸਕਦੇ ਹੋ ਜਾਂ ਇਸ ਖ਼ਿਲਾਫ਼ ਵਿਰੋਧ ਜਤਾ ਸਕਦੇ ਹੋ।’ ਇਸੇ ਦੌਰਾਨ ਕਾਂਗਰਸ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਪੱਤਰਕਾਰਾਂ ਨੂੰ ਕਿਹਾ, ‘ਲੋਕਾਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ 2014 ਤੋਂ ਪਹਿਲਾਂ ਕੀ ਕਿਹਾ ਗਿਆ। ਕਿਹਾ ਗਿਆ ਸੀ ਕਿ ਭਰਾਵੋ ਤੇ ਭੈਣੋਂ ਰੁਪਿਆ ਉਸੇ ਦੇਸ਼ ਦਾ ਡਿੱਗਦਾ ਹੈ ਜਿੱਥੋਂ ਦੀ ਸਰਕਾਰ ਭ੍ਰਿਸ਼ਟ ਤੇ ਡਿੱਗੀ ਹੋਈ ਹੋਵੇ।’ -ਪੀਟੀਆਈ