ਨਵੀਂ ਦਿੱਲੀ, 17 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੀ ਪੁਨਰ ਉਸਾਰੀ ਉਸ ਸਮੇਂ ਹੀ ਸ਼ੁਰੂ ਹੋ ਸਕੇਗੀ ਜਦੋਂ ਪ੍ਰਧਾਨ ਮੰਤਰੀ ਇੱਕ ਵਾਰ ਆਪਣੀਆਂ ਗਲਤੀਆਂ ਮੰਨ ਲੈਣਗੇ ਤੇ ਮਾਹਿਰਾਂ ਦੀ ਸਲਾਹ ਮੰਨਣਗੇ ਕਿਉਂਕਿ ਹਰ ਗੱਲ ਨਕਾਰ ਦੇਣ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਉਨ੍ਹਾਂ ਇਹ ਗੱਲ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਆਖੀ ਜਿਸ ਵਿੱਚ ਗ਼ਰੀਬੀ ਸਬੰਧੀ ਵਿਸ਼ਵ ਬੈਂਕ ਦੇ ਅੰਕੜਿਆਂ ਦਾ ਜ਼ਿਕਰ ਸੀ, ਜਿਨ੍ਹਾਂ ਮੁਤਾਬਕ ਕੋਵਿਡ- 19 ਮਹਾਮਾਰੀ ਦੌਰਾਨ ਆਲਮੀ ਪੱਧਰ ’ਤੇ ਵਧੀ ਗ਼ਰੀਬੀ ਵਿੱਚ ਭਾਰਤ ਦਾ ਹਿੱਸਾ 57.3 ਫ਼ੀਸਦੀ ਸੀ।
ਸ੍ਰੀ ਗਾਂਧੀ ਨੇ ਟਵਿਟਰ ’ਤੇ ਰਿਪੋਰਟ ਸਾਂਝੀ ਕਰਦਿਆਂ ਕਿਹਾ,‘ਇਹ ਭਾਰਤ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ ਪਰ ਹੁਣ ਸਾਨੂੰ ਭਵਿੱਖ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਮੁਲਕ ਦੀ ਮੁੜ ਉਸਾਰੀ ਉਸ ਸਮੇਂ ਹੀ ਸ਼ੁਰੂ ਹੋ ਸਕੇਗੀ ਜਦੋਂ ਪ੍ਰਧਾਨ ਮੰਤਰੀ ਆਪਣੀਆਂ ਗਲਤੀਆਂ ਮੰਨ ਲੈਣਗੇ ਤੇ ਮਾਹਿਰਾਂ ਤੋਂ ਰਾਇ ਲੈਣਗੇ।’ ਸ੍ਰੀ ਗਾਂਧੀ ਨੇ ਰਿਪੋਰਟ ਦਾ ਗਰਾਫ ਵੀ ਸਾਂਝਾ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮਹਾਮਾਰੀ ਦੌਰਾਨ ਆਲਮੀ ਪੱਧਰ ’ਤੇ ਗ਼ਰੀਬੀ ਵਿੱਚ ਹੋਏ ਵਾਧੇ ਵਿੱਚ ਸਭ ਤੋਂ ਵੱਧ ਹਿੱਸਾ ਭਾਰਤ ਦਾ ਰਿਹਾ ਹੈ ਤੇ ਗ਼ਰੀਬ ਤੇ ਦਰਮਿਆਨੀ ਆਮਦਨ ਵਾਲੇ ਸਮੂਹਾਂ ਲਈ ਆਲਮੀ ਤਬਦੀਲੀ ਦਾ ਇਸ ਦਾ ਹਿੱਸਾ ਕ੍ਰਮਵਾਰ 57.3 ਫ਼ੀਸਦੀ ਅਤੇ 59.3 ਫ਼ੀਸਦੀ ਹੈ।’ ਇਸ ਰਿਪੋਰਟ ਵਿੱਚ ਆਲਮੀ ਪੱਧਰ ’ਤੇ ਗ਼ਰੀਬੀ ਰੇਖਾ ਤੋਂ ਹੇਠਾਂ ਜਾਣ ਵਾਲੇ ਲੋਕਾਂ ਅਤੇ ਮੱਧਵਰਗੀ ਆਮਦਨ ਸਮੂਹ ’ਚੋਂ ਬਾਹਰ ਜਾਣ ਵਾਲੇ ਲੋਕਾਂ ਦੀ ਗਿਣਤੀ ਸਬੰਧੀ ਵਿਸ਼ਵ ਬੈਂਕ ਦੇ ਅੰਕੜੇ ਸਾਂਝੇ ਕੀਤੇ ਗਏ ਹਨ। -ਪੀਟੀਆਈ