ਨਵੀਂ ਦਿੱਲੀ, 28 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸੰਘਵਾਦ ‘ਸਹਿਕਾਰੀ ਨਹੀਂ ਸਗੋਂ ਅੜਿੱਕੇ ਪੈਦਾ’ ਕਰਨ ਵਾਲਾ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸ੍ਰੀ ਮੋਦੀ ਨੇ ਇਕ ਦਿਨ ਪਹਿਲਾਂ ਗ਼ੈਰ ਭਾਜਪਾ ਸ਼ਾਸਿਤ ਸੂਬਿਆਂ ਨੂੰ ਤੇਲ ਕੀਮਤਾਂ ਤੋਂ ਵੈਟ ਘਟਾਉਣ ਦੀ ਅਪੀਲ ਕਰਦਿਆਂ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ ਸੀ। ਰਾਹੁਲ ਗਾਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇਲ ਕੀਮਤਾਂ ’ਚ ਵਾਧੇ ਲਈ ਸੂਬਿਆਂ ਨੂੰ ਦੋਸ਼ੀ ਠਹਿਰਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਜਦਕਿ ਕੇਂਦਰ ਸਾਰੇ ਈਂਧਣ ਟੈਕਸਾਂ ਦਾ 68 ਫ਼ੀਸਦੀ ਹਿੱਸਾ ਲੈਂਦਾ ਹੈ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ,‘‘ਈਂਧਣ ਦੀਆਂ ਵਧ ਰਹੀਆਂ ਕੀਮਤਾਂ ਲਈ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਓ। ਕੋਲੇ ਦੀ ਕਮੀ ਲਈ ਸੂਬੇ ਜ਼ਿੰਮੇਵਾਰ। ਆਕਸੀਜਨ ਦੀ ਕਮੀ ਲਈ ਵੀ ਸੂਬੇ ਜ਼ਿੰਮੇਵਾਰ। ਈਂਧਣ ’ਤੇ ਲੱਗਣ ਵਾਲੇ ਟੈਕਸ ਦਾ 68 ਫ਼ੀਸਦ ਹਿੱਸਾ ਕੇਂਦਰ ਲੈਂਦਾ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹਨ।’’ ਉੁਨ੍ਹਾਂ ਦੋਸ਼ ਲਾਇਆ ਕਿ ਮੋਦੀ ਦਾ ਸੰਘਵਾਦ ਸਹਿਕਾਰੀ ਨਹੀਂ ਹੈ ਸਗੋਂ ਇਹ ਅੜਿੱਕੇ ਪਾਉਣ ਵਾਲਾ ਹੈ। ਵਿਰੋਧੀ ਧਿਰ ਦੇ ਸ਼ਾਸਨ ਵਾਲੇ ਕਈ ਸੂਬਿਆਂ ’ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਨ੍ਹਾਂ ਸੂਬਿਆਂ ਨੂੰ ਰਾਸ਼ਟਰ ਹਿੱਤ ’ਚ ਤੇਲ ਕੀਮਤਾਂ ਤੋਂ ਵੈਟ ਘਟਾ ਕੇ ਆਮ ਆਦਮੀ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਸੀ। -ਪੀਟੀਆਈ