ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਸਰਬ-ਪਾਰਟੀ ਮੀਟਿੰਗ ਦੌਰਾਨ ਦਿੱਤੀ ਪ੍ਰਤੀਕਿਰਿਆ ਬਾਰੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦੀ ‘ਸ਼ਰਾਰਤੀ ਢੰਗ ਨਾਲ ਵਿਆਖਿਆ’ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੋਈ ਵੀ ਭਾਰਤੀ ਖੇਤਰ ਵਿਚ ਦਾਖ਼ਲ ਨਹੀਂ ਹੋਇਆ ਹੈ, ਕਿਸੇ ਵੀ ਭਾਰਤੀ ਚੌਕੀ ’ਤੇ ਕਬਜ਼ਾ ਨਹੀਂ ਕੀਤਾ ਗਿਆ ਹੈ। ਇਹ ਪ੍ਰਤੀਕਿਰਿਆ ਉਨ੍ਹਾਂ ਗਲਵਾਨ ਵਾਦੀ ਵਿਚ ਹੋਈ ਭਾਰਤੀ-ਚੀਨੀ ਫ਼ੌਜੀ ਝੜਪ ਦੇ
ਸੰਦਰਭ ਵਿਚ ਕੀਤੀ ਸੀ। ਪੀਐਮਓ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮੋਦੀ ਦੇ ਸ਼ਬਦ 15 ਜੂਨ ਨੂੰ ਹੋਈਆਂ ਘਟਨਾਵਾਂ ਉਤੇ ਕੇਂਦਰਤ ਸਨ ਜਿਨ੍ਹਾਂ ਵਿਚ 20 ਭਾਰਤੀ ਜਵਾਨਾਂ ਨੇ ਜਾਨ ਗੁਆਈ ਹੈ। ਪ੍ਰਧਾਨ ਮੰਤਰੀ ਦੇ ਸ਼ਬਦ ਕਿ ਅਸਲ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਚੀਨ ਦੀ ਕੋਈ ਮੌਜੂਦਗੀ ਨਹੀਂ ਹੈ, ਦਰਸਾ ਰਹੇ ਸਨ ਕਿ ਸਾਡੇ ਜਵਾਨਾਂ ਦੀ ਬਹਾਦਰੀ ਦੇ ਸਿੱਟੇ ਵਜੋਂ ਅਜਿਹਾ ਸੰਭਵ ਹੋਇਆ ਹੈ। ਦੱਸਣਯੋਗ ਹੈ ਕਿ ਕਾਂਗਰਸ ਸਣੇ ਕਈ ਰਣਨੀਤਕ ਮਾਹਿਰਾਂ ਨੇ ਸਵਾਲ ਉਠਾਏ ਸਨ ਕਿ ਜੇ ਚੀਨ ਦੀ ਫ਼ੌਜ ਅਸਲ ਕੰਟਰੋਲ ਰੇਖਾ ਉਲੰਘ ਕੇ ਸਾਡੇ ਵਾਲੇ ਪਾਸੇ ਨਹੀਂ ਆਈ ਤਾਂ ਭਾਰਤੀ ਫ਼ੌਜੀ ਸ਼ਹੀਦ ਕਿੱਥੇ ਹੋਏ? ਉਨ੍ਹਾਂ ਇਹ ਵੀ ਸਵਾਲ ਕੀਤਾ ਸੀ ਕਿ ਕੀ ਮੋਦੀ ਨੇ ‘ਚੀਨ ਨੂੰ ਕਲੀਨ ਚਿੱਟ’ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ 16 ਬਿਹਾਰ ਰੈਜੀਮੈਂਟ ਦੇ ਜਵਾਨਾਂ ਨੇ ਜਾਨਾਂ ਵਾਰ ਕੇ ਅਸਲ ਕੰਟਰੋਲ ਰੇਖਾ ਲਾਗੇ 15 ਜੂਨ ਨੂੰ ਚੀਨ ਨੂੰ ਢਾਂਚਾ ਖੜ੍ਹਾ ਕਰਨ ਤੇ ਸਰਹੱਦ ਦੇ ਉਲੰਘਣ ਤੋਂ ਰੋਕਿਆ ਹੈ। ਪੀਐਮਓ ਨੇ ਕਿਹਾ ਕਿ ਮੋਦੀ ਦੀ ਇਹ ਟਿੱਪਣੀ ਕਿ ਜੇ ਕੋਈ ਸਾਡੀ ਜ਼ਮੀਨ ਵੱਲ ਦੇਖੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਹਥਿਆਰਬੰਦ ਬਲਾਂ ਦੇ ਸੁਭਾਅ ਤੇ ਕਦਰਾਂ-ਕੀਮਤਾਂ ਦੀ ਹੀ ਤਰਜਮਾਨੀ ਕਰਦੇ ਹਨ। ਸਪੱਸ਼ਟੀਕਰਨ ਵਿਚ ਕਿਹਾ ਗਿਆ ਹੈ ਕਿ ਸਰਬ-ਪਾਰਟੀ ਮੀਟਿੰਗ ਦੌਰਾਨ ਵਿਸਤਾਰ ਵਿਚ ਦੱਸਿਆ ਗਿਆ ਹੈ ਕਿ ਜੇ ਪਿਛਲੇ 60 ਸਾਲਾਂ ਦੌਰਾਨ 43,000 ਸਕੁਏਅਰ ਕਿਲੋਮੀਟਰ ਇਲਾਕੇ ’ਤੇ ਨਾਜਾਇਜ਼ ਢੰਗ ਨਾਲ ਕਬਜ਼ਾ ਹੋਇਆ ਹੈ ਤਾਂ ਉਹ ਕਿਹੋ-ਜਿਹੇ ਹਾਲਾਤਾਂ ਵਿਚ ਹੋਇਆ ਹੈ। ਦਫ਼ਤਰ ਨੇ ਕਿਹਾ ਕਿ ਉਸ ਵੇਲੇ ਜਦ ਸਾਡੇ ਬਹਾਦਰ ਜਵਾਨ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਉਨ੍ਹਾਂ ਦੇ ਹੌਸਲੇ ਪਸਤ ਕਰਨ ਲਈ ਇਸ ਤਰ੍ਹਾਂ ਦਾ ਬੇਲੋੜਾ ਵਿਵਾਦ ਖੜ੍ਹਾ ਕਰਨਾ ਮੰਦਭਾਗਾ ਹੈ। -ਪੀਟੀਆਈ