ਨਵੀਂ ਦਿੱਲੀ, 16 ਜੂਨ
ਸੀਬੀਆਈ ਨੇ ਗੀਤਾਂਜਲੀ ਗਰੁੱਪ ਦੇ ਸਾਬਕਾ ਕੌਮਾਂਤਰੀ ਮੁਖੀ ਸੁਨੀਲ ਵਰਮਾ ਤੇ ਹੋਰਾਂ ਖ਼ਿਲਾਫ਼ ਵਾਧੂ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਭਾਰਤੀ ਬੈਂਕ ਪੀਐਨਬੀ ਨਾਲ ਕਥਿਤ ਅਰਬਾਂ ਰੁਪਏ ਦੀ ਧੋਖਾਧੜੀ ਕਰਨ ਨਾਲ ਜੁੜਿਆ ਹੋਇਆ ਹੈ। ਇਸੇ ਮਾਮਲੇ ਵਿਚ ਗਰੁੱਪ ਦਾ ਪ੍ਰਮੋਟਰ ਮੇਹੁਲ ਚੋਕਸੀ ਭਗੌੜਾ ਹੈ। ਚਾਰਜਸ਼ੀਟ ਵਿਚ ਹੁਣ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਦੋ ਅਧਿਕਾਰੀਆਂ- ਸਾਗਰ ਸਾਵੰਤ ਤੇ ਸੰਜੈ ਪ੍ਰਸਾਦ, ਗਰੁੱਪ ਦੇ ਬਰਾਂਡ ‘ਜਿਲੀ’ ਤੇ ‘ਨਕਸ਼ਤਰਾ’ ਦੇ ਡਾਇਰੈਕਟਰ ਧਨੇਸ਼ ਸੇਠ ਦਾ ਨਾਂ ਵੀ ਜੋੜਿਆ ਗਿਆ ਹੈ। ਚਾਰਜਸ਼ੀਟ ਵਿਚ ਇਹ ਵਾਧਾ ਪਹਿਲੀ ਚਾਰਜਸ਼ੀਟ ਦਾਇਰ ਕਰਨ ਤੋਂ ਤਿੰਨ ਸਾਲ ਬਾਅਦ ਕੀਤਾ ਗਿਆ ਹੈ। ਪਹਿਲੇ ਦੋਸ਼ ਪੱਤਰ ਵਿਚ ਚੋਕਸੀ ਤੇ ਉਸ ਦੀਆਂ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉੱਧਰ ਡੌਮੀਨਿਕਾ ਦੀ ਅਦਾਲਤ ਵਿਚ ਵੀ ਭਗੌੜੇ ਕਾਰੋਬਾਰੀ ਚੋਕਸੀ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ