ਮੁੰਬਈ, 13 ਜੁਲਾਈ
ਸੀਬੀਆਈ ਦੀ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਚ ਹੋਏ 13000 ਕਰੋੜ ਦੇ ਘੁਟਾਲੇ ਦੇ ਮਾਮਲੇ ਵਿੱਚ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਇੱਕ ਸਾਥੀ ਧਨੇਸ਼ ਸੇਠ ਨੂੰ ਜ਼ਮਾਨਤ ਦੇ ਦਿੱਤੀ ਹੈ। ਜੱਜ ਵੀਸੀ ਬਾਰਡੇ ਨੇ ਸੇਠ ਨੂੰ ਸੋਮਵਾਰ ਨੂੰ ਜ਼ਮਾਨਤ ਦਿੱਤੀ ਸੀ, ਪਰ ਇਸ ਸਬੰਧੀ ਆਦੇਸ਼ਾਂ ਦੇ ਵੇਰਵੇ ਅੱਜ ਮੁਹੱਈਆ ਕਰਵਾਏ ਗਏ। ਸੀਬੀਆਈ ਨੇ ਇਸ ਸਬੰਧੀ ਸਾਲ ਦੇ ਸ਼ੁਰੂ ਵਿੱਚ ਦੋਸ਼-ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿੱਚ ਸੇਠ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਉਹ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਅਤੇ ਜ਼ਮਾਨਤ ਦੀ ਅਪੀਲ ਕੀਤੀ। ਉਸ ਦੇ ਵਕੀਲ ਵਿਜੈ ਅਗਰਵਾਲ ਨੇ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਖ਼ਿਲਾਫ਼ ਕੋਈ ਸਬੂਤ ਨਹੀਂ ਸੀ, ਜਿਸ ਕਾਰਨ ਉਸ ਨੂੰ ਮੁਲਜ਼ਮ ਵਜੋਂ ਪੇਸ਼ ਨਹੀਂ ਕੀਤਾ ਗਿਆ। ਏਜੰਸੀ ਕੋਲ ਉਸ ਖ਼ਿਲਾਫ਼ ਹੁਣ ਵੀ ਕੋਈ ਸਬੂਤ ਨਹੀਂ ਹੈ। -ਪੀਟੀਆਈ