ਨੋਇਡਾ, 24 ਅਕਤੂਬਰ
ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਇੰਡੋ ਤਿੱਬਤੀਅਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਵੀਹ ਜਵਾਨਾਂ ਨੂੰ ਅੱਜ ਪੁਲੀਸ ਬਹਾਦਰੀ ਪੁਰਸਕਾਰ ਦਿੱਤੇ ਗਏ। ਇਨ੍ਹਾਂ ਜਵਾਨਾਂ ਨੇ ਪਿਛਲੇ ਸਾਲ ਮਈ-ਜੂਨ ਵਿਚ ਪੂਰਬੀ ਲਦਾਖ ਵਿਚ ਚੀਨੀ ਜਵਾਨਾਂ ਨਾਲ ਹੋਈਆਂ ਖੂਨੀ ਝੜਪਾਂ ਵਿਚ ਵਿਰੋਧੀ ਸੈਨਿਕਾਂ ਦਾ ਬਹਾਦਰੀ ਨਾਲ ਟਾਕਰਾ ਕੀਤਾ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 60ਵੇਂ ਸਥਾਪਨਾ ਦਿਵਸ ਮੌਕੇ ਆਈਟੀਬੀਪੀ ਦੇ ਜਵਾਨਾਂ ਨੂੰ ਮੈਡਲ ਲਾਏ ਤੇ ਉਨ੍ਹਾਂ ਨੂੰ ਬਹਾਦਰੀ ਸਰਟੀਫਿਕੇਟ ਦਿੱਤੇ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਇਸ ਸਾਲ ਆਜ਼ਾਦੀ ਦਿਵਸ ਮੌਕੇ ਕੀਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਭਾਰਤੀ ਫੌਜ ਨਾਲ ਮਿਲ ਕੇ 3488 ਕਿਲੋਮੀਟਰ ਲੰਬੀ ਐਲਏਸੀ ’ਤੇ ਪਹਿਰਾ ਦਿੰਦੇ ਹੋਏ ਸਰਹੱਦ ਦੀ ਰਾਖੀ ਕਰਦੇ ਹਨ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜਵਾਨਾਂ ਨੇ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਦਾ ਬਹਾਦਰੀ ਨਾਲ ਟਾਕਰਾ ਕਰਦਿਆਂ ਉਨ੍ਹਾਂ ਨੂੰ ਖਦੇੜਿਆ ਸੀ।-ਏਜੰਸੀ