ਨਵੀਂ ਦਿੱਲੀ, 23 ਅਗਸਤ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਜਿਸ ਨੂੰ ਦਿੱਲੀ ਦੰਗਿਆਂ ਦੇ ਕੇਸ ’ਚ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਅੱਜ ਅਦਾਲਤ ਨੂੰ ਦੱਸਿਆ ਕਿ ਪੁਲੀਸ ਆਪਣੇ ਦਾਅਵਿਆਂ ਉਤੇ ਹੀ ਪੂਰੀ ਨਹੀਂ ਉਤਰ ਰਹੀ ਹੈ ਤੇ ਇਹ ਕੇਸ ‘ਘੜਿਆ ਗਿਆ’ ਹੈ। ਖਾਲਿਦ ਤੇ ਕਈ ਹੋਰਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ’ਤੇ ਫਰਵਰੀ 2020 ਵਿਚ ਹੋਏ ਦੰਗਿਆਂ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ ਹੈ। ਉਮਰ ਖਾਲਿਦ ਨੇ ਇਸ ਕੇਸ ਵਿਚ ਜ਼ਮਾਨਤ ਮੰਗੀ ਹੈ। ਖਾਲਿਦ ਦੇ ਵਕੀਲ ਨੇ ਕਿਹਾ ਕਿ ਐਫਆਈਆਰ ਮਨਘੜਤ ਹੈ ਤੇ ਬੇਲੋੜੀ ਹੈ, ਅਤੇ ਇਸ ਨੂੰ ਚੋਣਵੇਂ ਢੰਗ ਨਾਲ ਕੁਝ ਖ਼ਿਲਾਫ਼ ਤਿਆਰ ਕੀਤਾ ਗਿਆ ਹੈ।
ਵਕੀਲ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਖਾਲਿਦ ਦੇ ਜਿਹੜੇ 21 ਮਿੰਟ ਦੇ ਭਾਸ਼ਣ ਨੂੰ ਭੜਕਾਊ ਦੱਸਿਆ ਹੈ, ਮਹਾਰਾਸ਼ਟਰ ਵਿਚ ਦਿੱਤੇ ਇਸ ਭਾਸ਼ਣ ਵਿਚ ਉਸ ਨੇ ਹਿੰਸਾ ਦਾ ਕੋਈ ਸੱਦਾ ਨਹੀਂ ਦਿੱਤਾ ਬਲਕਿ ਲੋਕਾਂ ਨੂੰ ਏਕੇ ਦਾ ਸੁਨੇਹਾ ਦਿੱਤਾ ਹੈ। ਵਕੀਲ ਨੇ ਕਿਹਾ ਕਿ ਗਾਂਧੀ ਜੀ ’ਤੇ ਅਧਾਰਿਤ ਸੁਨੇਹੇ ਨੂੰ ਅਤਿਵਾਦ ਦੱਸਿਆ ਗਿਆ ਹੈ। ਖਾਲਿਦ ਵੀਡੀਓ ਵਿਚ ਲੋਕਤੰਤਰ ਦੀ ਤਾਕਤ ਦੀ ਗੱਲ ਕਰ ਰਿਹਾ ਹੈ, ਇਹ ਦੇਸ਼ ਦੇ ਖ਼ਿਲਾਫ਼ ਨਹੀਂ ਹੈ। ਵਕੀਲ ਨੇ ਕਿਹਾ ਕਿ ਪੁਲੀਸ ਨੇ ਖਾਲਿਦ ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਹੋਰਨਾਂ ਮੁਲਜ਼ਮਾਂ ਨਾਲ ਮਿਲ ਕੇ 8 ਜਨਵਰੀ ਨੂੰ ਸਾਜ਼ਿਸ਼ ਘੜੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰੇ ਦੌਰਾਨ ਹਿੰਸਾ ਕੀਤੀ ਜਾਵੇਗੀ। ਜਦਕਿ ਦੌਰੇ ਬਾਰੇ ਐਲਾਨ ਹੋਇਆ ਹੀ ਫਰਵਰੀ ਵਿਚ ਸੀ। ਖਾਲਿਦ ਦੇ ਵਕੀਲ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਤਰੀਕੇ ਨਾਲ ਝੂਠ ਬੋਲਿਆ ਜਾ ਰਿਹਾ ਹੈ, ਕੀ ਲੋਕਾਂ ’ਤੇ ਦੋਸ਼ ਮੜ੍ਹ ਦੇਣਾ ਐਨਾ ਸੌਖਾ ਹੈ? ਇਸਤਗਾਸਾ ਧਿਰ ਵਜੋਂ ਪੁਲੀਸ ਦੀ ਕੀ ਜ਼ਿੰਮੇਵਾਰੀ ਰਹਿ ਜਾਂਦੀ ਹੈ? -ਪੀਟੀਆਈ