ਜੰਮੂ, 21 ਜੁਲਾਈ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਲਖਨਪੁਰ ਟੌਲ ਪਲਾਜ਼ੇ ਦੀ ਸਥਾਪਤੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਕਾਰਕੁਨਾਂ ਦੀ ਅੱਜ ਪੁਲੀਸ ਨਾਲ ਝੜਪ ਹੋ ਗਈ। ਪੁਲੀਸ ਨੇ ਕਈ ਕਾਂਗਰਸੀ ਕਾਰਕੁਨਾਂ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਲਖਨਪੁਰ ਵਿੱਚ ਜੰਮੂ-ਪਠਾਨਕੋਟ ਹਾਈਵੇਅ ’ਤੇ ਨਵਾਂ ਟੌਲ ਪਲਾਜ਼ਾ ਸਥਾਪਿਤ ਕੀਤਾ ਗਿਆ ਹੈ। ਇਹ ਜੰਮੂ ਵਿੱਚ ਚੌਥਾ ਟੌਲ ਪਲਾਜ਼ਾ ਹੈ। ਸਮਾਜਿਕ ਦੂਰੀ ਦਾ ਖ਼ਿਆਲ ਰੱਖੇ ਬਿਨਾਂ ਕਾਂਗਰਸੀ ਆਗੂਆਂ ਵਿਧਾਇਕ ਗਿਰਧਾਰੀ ਲਾਲ ਚਲੋਟਾ, ਸੁਭਾਸ਼ ਗੁਪਤਾ, ਪੰਕਜ ਡੋਗਰਾ, ਅਨੁਰਾਧਾ ਅੰਦੌਰਾ ਅਤੇ ਪਾਰਟੀ ਕਾਰਕੁਨਾਂ ਨੇ ਲਖਨਪੁਰ ਵਿੱਚ ਟੌਲ ਟੈਕਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੁਲੀਸ ਕਈ ਕਾਂਗਰਸੀਆਂ ਨੂੰ ਬੱਸਾਂ ਵਿੱਚ ਭਰ ਕੇ ਪੁਲੀਸ ਲਾਈਨ ਲੈ ਗਈ। ਕਾਂਗਰਸ ਆਗੂਆਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਭਾਜਪਾ ’ਤੇ ਵਿਰੋਧ ਦੀ ਆਵਾਜ਼ ਨੂੰ ਦਬਾਊਣ ਦਾ ਦੋਸ਼ ਲਾਇਆ।