ਨਵੀਂ ਦਿੱਲੀ, 2 ਅਗਸਤ
ਸ਼ਹਿਰ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਲੰਘੇ ਫਰਵਰੀ ਮਹੀਨੇ ’ਚ ਹੋਏ ਦੰਗਿਆਂ ਪਿਛਲੀ ਕਥਿਤ ਸਾਜਿਸ਼ ਦੇ ਸਬੰਧ ਵਿੱਚ ਦਿੱਲੀ ਪੁਲੀਸ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਤੋਂ ਪੁੱਛਗਿਛ ਕੀਤੀ ਗਈ।
ਦਿੱਲੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਦੰਗਿਆਂ ਪਿਛਲੀ ਕਥਿਤ ਸਾਜਿਸ਼ ਦੇ ਸਬੰਧ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਖਾਲਿਦ ਤੋਂ ਪੁੱਛਗਿਛ ਕੀਤੀ ਗਈ ਹੈ। ਉਸ ਦਾ ਮੋਬਾਈਲ ਫੋਨ ਵੀ ਪੁਲੀਸ ਵੱਲੋਂ ਕਬਜ਼ੇ ’ਚ ਲੈ ਲਿਆ ਗਿਆ।’’ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਖਾਲਿਦ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਅਧੀਨ ਨਾਮਜ਼ਦ ਕੀਤਾ ਗਿਆ ਸੀ। ਐੱਫਆਈਆਰ ਵਿੱਚ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਫਿਰਕੂ ਦੰਗੇ ਪਹਿਲਾਂ ਤੋਂ ਘੜੀ ਗਈ ਸਾਜਿਸ਼ ਦਾ ਨਤੀਜਾ ਸਨ, ਜੋ ਕਿ ਖਾਲਿਦ ਤੇ ਦੋ ਹੋਰਨਾਂ ਵੱਲੋਂ ਰਚੀ ਗਈ ਸੀ।
ਖਾਲਿਦ ਨੇ ਕਥਿਤ ਤੌਰ ’ਤੇ ਦੋ ਵੱਖ-ਵੱਖ ਥਾਵਾਂ ’ਤੇ ਭੜਕਾਊ ਭਾਸ਼ਣ ਦਿੱਤਾ ਸੀ ਅਤੇ ਕਥਿਤ ਤੌਰ ’ਤੇ ਕੌਮਾਂਤਰੀ ਪੱਧਰ ’ਤੇ ਘੱਟ ਗਿਣਤੀਆਂ ਨਾਲ ਕੀਤੇ ਜਾਂਦੇ ਵਿਵਹਾਰ ਦਾ ਪ੍ਰਚਾਰ ਕਰਨ ਲਈ ਭਾਰਤ ਦੌਰੇ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ ਸੀ।
-ਪੀਟੀਆਈ