ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਫਰਵਰੀ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਅੱਜ ਅਦਾਕਾਰ ਦੀਪ ਸਿੱਧੂ ਤੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਇਕਬਾਲ ਸਿੰਘ ਨੂੰ ਲਾਲ ਕਿਲੇ ਲੈ ਕੇ ਗਈ। ਪੁਲੀਸ ਨੇ 26 ਜਨਵਰੀ ਨੂੰ ਵਾਪਰੀ ਹਿੰਸਾ ਤੇ ਲਾਲ ਕਿਲ੍ਹੇ ਦੀ ਘਟਨਾ ਦੇ ਮਾਮਲੇ ’ਚ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਪਰਾਧ ਸ਼ਾਖਾ ਤੇ ਵਿਸ਼ੇਸ਼ ਸੈੱਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿੱਧੂ ਤੇ ਇਕਬਾਲ ਸਿੰਘ ਨੂੰ ਉਸ ਥਾਂ ਲਿਜਾਇਆ ਗਿਆ ਜਿੱਥੇ ਲਾਲ ਕਿਲੇ ਦੀ ਫਸੀਲ ਉੱਪਰ ਝੰਡਾ ਝੁਲਾਇਆ ਗਿਆ ਸੀ ਤੇ ਮੌਕਾ-ਏ-ਵਾਰਦਾਤ ਦਾ ਦ੍ਰਿਸ਼ ਮੁੜ ਸਿਰਜ ਕੇ ਸ਼ਾਖਾ ਵੱਲੋਂ ਸਾਰੇ ਘਟਨਾਕ੍ਰਮ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀ ਮੁਤਾਬਕ ਮਾਮਲੇ ਦੀ ਜਾਂਚ ਕਰਨ ਵਾਲੀ ਟੀਮ ਵੱਲੋਂ ਮਾਮਲੇ ਨਾਲ ਜੁੜੇ ਕੁਝ ਪਹਿਲੂਆਂ ਤੇ ਇਸ ਇਤਿਹਾਸਕ ਕਿਲ੍ਹੇ ’ਚ ਸਾਰਾ ਘਟਨਾਕ੍ਰਮ ਵਾਪਰਨ ਬਾਰੇ ਤੇ ਹਾਲਤਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਦੀ ਪੁਸ਼ਟੀ ਕਰਨ ਲਈ ਮੌਕੇ ਦਾ ਮੁਆਇਨਾ ਕੀਤਾ। ਦਿੱਲੀ ਪੁਲੀਸ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਕਿਹਾ ਸੀ ਕਿ ਲਾਲ ਕਿਲ੍ਹੇ ਦੀਆਂ ਘਟਨਾਵਾਂ ਵਿੱਚ ਦੀਪ ਦੀ ਅਹਿਮ ਭੂਮਿਕਾ ਸੀ ਤੇ ਉਸ ਦੀਆਂ ਵੀਡੀਓਜ਼ ਜਨਤਕ ਹਨ। ਉਹ 7 ਦਿਨਾਂ ਦੇ ਰਿਮਾਂਡ ’ਤੇ ਹੈ। ਪੁਲੀਸ ਨੇ ਦੱਸਿਆ ਕਿ ਸਿੱਧੂ ਇਸ ਘਟਨਾ ਪਿੱਛੇ ਮੁੱਖ ਚਿਹਰਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਸਿੱਧੂ ਕੋਲੋਂ ਉਨ੍ਹਾਂ ਦੇ ਇੱਥੇ ਪਹੁੰਚਣ ਵਾਲੇ ਰਸਤੇ ਤੇ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਾ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਦਿੱਲੀ ਪੁਲੀਸ ਵੱਲੋਂ ਤਿੰਨ ਹੋਰ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਇਲਾਕੇ ਬੁਰਾੜੀ ’ਚ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ’ਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸੁਖਮੀਤ ਸਿੰਘ (35), ਗੁਣਦੀਪ ਸਿੰਘ (33) ਤੇ ਹਰਵਿੰਦਰ ਸਿੰਘ (32) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਗਣਤੰਤਰ ਦਿਵਸ ਹਿੰਸਾ ਦੇ ਮਾਮਲੇ ’ਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।