ਮੁੰਬਈ, 30 ਜੁਲਾਈ
ਮਹਾਰਾਸ਼ਟਰ ਪੁਲੀਸ ਨੇ ਅੱਜ ਹੜ੍ਹ ਪੀੜਤਾਂ ਨੂੰ ਚੰਦਾ ਦੇਣ ਵਾਲੇ ਦਾਨੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਫਰਜ਼ੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਉੱਤੇ ਲੋਕਾਂ ਤੋਂ ਆਨਲਾਈਨ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਸੂਬਾ ਪੁਲੀਸ ਦੀ ਅਪਰਾਧ ਸ਼ਾਖਾ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਸੰਸਥਾ ਨੂੰ ਆਨਲਾਈਨ ਚੰਦਾ ਦੇਣ ਮੌਕੇ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਕੁੱਝ ਸੰਸਥਾਵਾਂ ਹੜ੍ਹ ਅਤੇ ਜ਼ਮੀਨ ਖਿਸਕਣ ਵਾਲੀਆਂ ਥਾਵਾਂ ’ਤੇ ਪਿਛਲੇ ਹਫ਼ਤੇ ਤੋਂ ਪੀੜਤਾਂ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਫਰਜ਼ੀ ਸੰਸਥਾਵਾਂ/ਵਿਅਕਤੀ ਵੀ ਸਰਗਰਮ ਹਨ, ਜੋ ਲੋਕਾਂ ਤੋਂ ਚੰਦਾ ਇਕੱਠਾ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੰਸਥਾ ਨੂੰ ਫੰਡ ਦੇਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਈ ਜਾਵੇ।