ਨਵੀਂ ਦਿੱਲੀ/ਬੰਗਲੂਰੂ, 28 ਅਪਰੈਲ
ਫਿਲਮ ਅਦਾਕਾਰ ਅਜੈ ਦੇਵਗਨ ਵੱਲੋਂ ਹਿੰਦੀ ਨੂੰ ਕੌਮੀ ਭਾਸ਼ਾ ਦੱਸੇ ਜਾਣ ਮਗਰੋਂ ਇਹ ਮੁੱਦਾ ਸਿਆਸੀ ਗਲਿਆਰਿਆਂ ’ਚ ਭਖ ਗਿਆ ਹੈ ਅਤੇ ਕਰਨਾਟਕ ਦੇ ਭਾਜਪਾ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਸਮੇਤ ਕਈ ਸਿਆਸੀ ਆਗੂਆਂ ਨੇ ਦੇਵਗਨ ਦੀ ਟਿੱਪਣੀ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਅਜੈ ਦੇਵਗਨ ਤੇ ਕੰਨੜ ਅਦਾਕਾਰ ਕਿੱਚਾ ਸੁਦੀਪ ਵਿਚਾਲੇ ਟਵਿੱਟਰ ’ਤੇ ਭਾਸ਼ਾ ਦੇ ਮਸਲੇ ’ਤੇ ਚੱਲੀ ਜੰਗ ਮਗਰੋਂ ਇਹ ਮੁੱਦਾ ਭਖਿਆ ਹੈ। ਇਸ ਮੁੱਦੇ ’ਤੇ ਭਾਜਪਾ ਆਗੂ ਬੋਮਈ ਵੀ ਆਪਣੇ ਵਿਰੋਧੀਆਂ ਨਾਲ ਖੜ੍ਹੇ ਹੋਏ ਹਨ। ਕਾਂਗਰਸ ਆਗੂ ਸਿੱਧਾਰਮੱਈਆ ਤੇ ਜਨਤਾ ਦਲ (ਐੱਸ) ਦੇ ਆਗੂ ਐੱਚਡੀ ਕੁਮਾਰਾਸਵਾਮੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਿੰਦੀ ਭਾਰਤ ਦੀਆਂ ਹੋਰ ਭਾਸ਼ਾਵਾਂ ਵਾਂਗ ਇੱਕ ਭਾਸ਼ਾ ਹੈ ਅਤੇ ਇਹ ਕੋਈ ਕੌਮੀ ਭਾਸ਼ਾ ਨਹੀਂ ਹੈ। ਮੁੱਖ ਮੰਤਰੀ ਬੋਮਈ ਨੇ ਹੁਬਲੀ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਜੋ ਸੁਦੀਪ ਨੇ ਕਿਹਾ ਬਿਲਕੁਲ ਸਹੀ ਹੈ। ਰਾਜਾਂ ਦਾ ਭਾਸ਼ਾ ਦੇ ਆਧਾਰ ’ਤੇ ਗਠਨ ਹੋਣ ਮਗਰੋਂ ਭਾਸ਼ਾ (ਜੋ ਉਨ੍ਹਾਂ ਖੇਤਰਾਂ ਦੀ ਸੀ) ਦਾ ਮਹੱਤਵ ਵੱਧ ਜਾਂਦਾ ਹੈ। ਇਹ ਸਭ ਤੋਂ ਪਹਿਲਾਂ ਹੈ। ਸੁਦੀਪ ਨੇ ਵੀ ਇਹੀ ਕਿਹਾ ਹੈ ਤੇ ਇਹ ਪੂਰੀ ਤਰ੍ਹਾਂ ਸਹੀ ਹੈ। ਹਰ ਕਿਸੇ ਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਿੱਚਾ ਸੁਦੀਪ ਨੇ ਕਿਹਾ ਸੀ, ‘ਹਿੰਦੀ ਸਾਡੀ ਕੌਮੀ ਭਾਸ਼ਾ ਨਹੀਂ ਰਹੀ।’ ਇਸ ਦੇ ਜਵਾਬ ਵਿੱਚ ਅਜੈ ਦੇਵਗਨ ਨੇ ਬੀਤੇ ਦਿਨ ਟਵੀਟ ਕੀਤਾ ਸੀ, ‘ਮੇਰੇ ਭਰਾ ਜੇ ਤੁਹਾਨੂੰ ਅਨੁਸਾਰ ਹਿੰਦੀ ਸਾਡੀ ਕੌਮੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ-ਬੋਲੀ ਵਾਲੀਆਂ ਫਿਲਮਾਂ ਹਿੰਦੀ ’ਚ ਡੱਬ ਕਰਕੇ ਰਿਲੀਜ਼ ਕਿਉਂ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਤੇ ਕੌਮੀ ਭਾਸ਼ਾ ਸੀ, ਹੈ ਤੇ ਹਮੇਸ਼ਾ ਰਹੇਗੀ। ਜਨ ਗਨ ਮਨ।’ ਆਮ ਤੌਰ ’ਤੇ ਵਿਵਾਦਾਂ ਦੂਰ ਰਹਿਣ ਵਾਲੇ ਕਾਂਗਰਸ ਆਗੂ ਸਿੱਧਾਰਮੱਈਆ ਨੇ ਅਦਾਕਾਰ ਦੇ ਟਵੀਟ ਦਾ ਵਿਰੋਧ ਕਰਦਿਆਂ ਕਿਹਾ, ‘ਹਿੰਦੀ ਕਦੀ ਵੀ ਸਾਡੀ ਕੌਮੀ ਭਾਸ਼ਾ ਨਹੀਂ ਸੀ ਤੇ ਨਾ ਹੀ ਹੋਵੇਗੀ।’ ਉਨ੍ਹਾਂ ਅਜੈ ਦੇਵਗਨ ਨੂੰ ਭਾਜਪਾ ਦੇ ਹਿੰਦੀ ਰਾਸ਼ਟਰਵਾਦ ਦਾ ਬੁਲਾਰਾ ਤੇ ਸੁਭਾਅ ਤੋਂ ਗੁਸੈਲ ਦਸਦਿਆਂ ਕਿਹਾ, ‘ਸਾਡੇ ਦੇਸ਼ ਦੀ ਭਾਸ਼ਾਈ ਵੰਨ-ਸੁਵੰਨਤਾ ਦੀ ਇੱਜ਼ਤ ਕਰਨਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ। ਹਰ ਭਾਸ਼ਾ ਦਾ ਆਪਣਾ ਇੱਕ ਅਮੀਰ ਵਿਰਸਾ ਹੈ ਅਤੇ ਲੋਕਾਂ ਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ। ਮੈਨੂੰ ਕੰਨੜ ਹੋਣ ’ਤੇ ਮਾਣ ਹੈ।’ ਇਸੇ ਦੌਰਾਨ ਜਨਤਾ ਦਲ (ਐੱਸ) ਦੇ ਆਗੂ ਐੱਚਡੀ ਕੁਮਾਰਸਵਾਮੀ ਨੇ ਸੁਦੀਪ ਨੂੰ ਸਹੀ ਦਸਦਿਆਂ ਕਿਹਾ ਕਿ ਕੰਨੜ, ਤੇਲਗੂ, ਤਾਮਿਲ, ਮਲਿਆਲਮ ਤੇ ਮਰਾਠੀ ਦੀ ਤਰ੍ਹਾਂ ਹੀ ਹਿੰਦੀ ਵੀ ਇੱਕ ਭਾਸ਼ਾ ਹੈ ਤੇ ਉਸ ਦੇ ਬਿਆਨ ’ਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਭਾਸ਼ਾਵਾਂ ਦਾ ਬਾਗ ਹੈ ਤੇ ਕਿਸੇ ਨੂੰ ਵੀ ਇਸ ਨੂੰ ਉਜਾੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਹਿੰਦੀ ਬੋਲਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੌਮੀ ਭਾਸ਼ਾ ਹੈ। ਬਹਿਸ ’ਚ ਸ਼ਾਮਲ ਹੁੰਦਿਆਂ ਫਿਲਮਸਾਜ਼ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਆਪਣੇ ਦੱਖਣੀ ਭਾਰਤ ਦੇ ਸਾਥੀ ਕਲਾਕਾਰਾਂ ਤੋਂ ਉੱਤਰੀ ਭਾਰਤ ਦੇ ਅਦਾਕਾਰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘ਕਿੱਚਾ ਸੁਪੀਪ ਦੇ ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਤਰੀ ਭਾਰਤ ਦੇ ਅਦਾਕਾਰ, ਦੱਖਣੀ ਅਦਾਕਾਰਾਂ ਤੋਂ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਤੋਂ ਖਾਰ ਖਾਂਦੇ ਹਨ ਕਿਉਂਕਿ ਕੇਜੀਐੱਫ-2 ਦੀ ਕੰਨੜ ’ਚ ਡੱਬ ਹੋਈ ਫਿਲਮ ਨੇ ਸ਼ੁਰੂਆਤੀ ਦਿਨ ’ਚ ਹੀ 50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।’ ਦੱਖਣੀ ਭਾਰਤੀ ਫਿਲਮਾਂ ਦੀ ਅਦਾਕਾਰਾ ਤੇ ਸਿਆਸੀ ਆਗੂ ਰਾਮਿਆ ਨੇ ਕਿਹਾ, ‘ਨਹੀਂ, ਹਿੰਦੀ ਸਾਡੀ ਕੌਮੀ ਭਾਸ਼ਾ ਨਹੀਂ ਹੈ। ਕੇਜੀਐੱਫ, ਪੁਸ਼ਪਾ ਤੇ ਆਰਆਰਆਰ ਨੇ ਹਿੰਦੀ ਬੈਲਟ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਕਲਾ ਦੀ ਕੋਈ ਸੀਮਾ ਨਹੀਂ ਹੁੰਦੀ। ਕ੍ਰਿਪਾ ਕਰਕੇ ਸਾਡੀਆਂ ਫਿਲਮਾਂ ਦਾ ਆਨੰਦ ਮਾਣੋ।’ ਗੀਤਕਾਰ ਪੁਨੀਤ ਸ਼ਰਮਾ ਨੇ ਟਵੀਟ ਕੀਤਾ ਕਿ ਹਿੰਦੀ ਬੋਲਣ ਵਾਲੇ ਲੋਕ ਸਾਰੀਆਂ ਭਾਸ਼ਾਵਾਂ ਦੀ ਉਸੇ ਤਰ੍ਹਾਂ ਇੱਜ਼ਤ ਕਰਨ ਜਿਸ ਤਰ੍ਹਾਂ ਉਹ ਭਾਸ਼ਾ ਬੋਲਣ ਵਾਲੇ ਲੋਕ ਖੁਦ ਕਰਦੇ ਹਨ। -ਪੀਟੀਆਈ
ਸਾਰੀਆਂ ਭਾਸ਼ਾਵਾਂ ਨੂੰ ਥਾਂ ਦਿੰਦੇ ਹਾਂ: ਅਬਦੁੱਲ੍ਹਾ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ, ‘ਭਾਰਤ ਦਾ ਵਿਚਾਰ ਇਹ ਹੈ ਕਿ ਇਹ ਹਰ ਕਿਸੇ ਨੂੰ ਥਾਂ ਦਿੰਦਾ ਹੈ। ਜਦੋਂ ਤੁਸੀਂ ਕੋਈ ਭਾਰਤੀ ਨੋਟ (ਕਰੰਸੀ) ਚੁੱਕਦੇ ਹੋ ਤਾਂ ਤੁਹਾਨੂੰ ਉਸ ’ਤੇ ਕਿੰਨੀਆਂ ਭਾਸ਼ਾਵਾਂ ਮਿਲਦੀਆਂ ਹਨ? ਨੋਟ ਸਾਰੀਆਂ ਭਾਸ਼ਾਵਾਂ ਨੂੰ ਥਾਂ ਦਿੰਦਾ ਹੈ ਤੇ ਜੇਕਰ ਨੋਟ ਸਾਰੀਆਂ ਭਾਸ਼ਾਵਾਂ ਨੂੰ ਥਾਂ ਦਿੰਦਾ ਹੈ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਅਸੀਂ ਸਿਰਫ਼ ਇੱਕ ਭਾਸ਼ਾ, ਸਿਰਫ਼ ਇੱਕ ਸੰਸਕ੍ਰਿਤੀ ਤੇ ਸਿਰਫ਼ ਇੱਕ ਧਰਮ ਤੋਂ ਵੱਧ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਭਾਰਤ ਜਿਹੇ ਮੁਲਕ ਨੂੰ ਕਿਸੇ ਕੌਮੀ ਭਾਸ਼ਾ ਦੀ ਲੋੜ ਹੈ। ਸਾਨੂੰ ਕੌਮੀ ਧਰਮ ਦੀ ਲੋੜ ਨਹੀਂ ਹੈ। ਸਾਨੂੰ ਹਰ ਕਿਸੇ ਨੂੰ ਥਾਂ ਦੇਣ ਦੀ ਲੋੜ ਹੈ।’ -ਪੀਟੀਆਈ
ਭਾਸ਼ਾ ਬਾਰੇ ਸ਼ਬਦੀ ਜੰਗ ’ਚ ਸੋਨੂ ਸੂਦ ਵੀ ਕੁੱਦਿਆ
ਚੰਡੀਗੜ੍ਹ: ਹਿੰਦੀ ਨੂੰ ਕੌਮੀ ਭਾਸ਼ਾ ਦੇ ਦਰਜੇ ਬਾਰੇ ਅਦਾਕਾਰ ਅਜੈ ਦੇਵਗਨ ਤੇ ਕੰਨੜ ਅਦਾਕਾਰ ਕਿਚਾ ਸੁਦੀਪ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਵਿੱਚ ਹੁਣ ਸੋਨੂ ਸੂਦ ਵੀ ਕੁੱਦ ਪਿਆ ਹੈ। ਮੂਲ ਰੂਪ ਵਿੱਚ ਹਿੰਦੀ ਫ਼ਿਲਮਾਂ ਦੇ ਅਦਾਕਾਰ ਸੋਨੂ ਸੂਦ ਨੇ ਕਈ ਦੱਖਣੀ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਅਦਾਕਾਰ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੀ ਨੂੰ ਮਹਿਜ਼ ਕੌਮੀ ਭਾਸ਼ਾ ਨਹੀਂ ਕਿਹਾ ਜਾ ਸਕਦਾ ਹੈ, ਇਸ ਦੀ ਬਜਾਏ ਅਦਾਕਾਰ ਨੇ ਇਕ ਨਵੀਂ ਭਾਸ਼ਾ ਦਿੱਤੀ ਅਤੇ ਉਸ ਮੁਤਾਬਕ ਇਹ ‘ਐਂਟਰਟੇਨਮੈਂਟ’ ਹੈ। ਸੋਨੂ ਮੁਤਾਬਕ, ‘‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਇੰਡਸਟਰੀ ਨਾਲ ਸਬੰਧ ਰੱਖਦੇ ਹੋ। ਜੇਕਰ ਤੁਸੀਂ ਲੋਕਾਂ ਦਾ ਮਨੋਰੰਜਨ ਕਰਦੇ ਹੋ, ਉਹ ਤੁਹਾਨੂੰ ਪਿਆਰ ਤੇ ਸਤਿਕਾਰ ਦੇਣਗੇ ਅਤੇ ਅਪਣਾਉਣਗੇ।’’ -ਟਨਸ