ਪਟਨਾ, 5 ਮਈ
ਉੱਘੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹਮਖ਼ਿਆਲ ਲੋਕਾਂ ਨੂੰ ਨਾਲ ਜੋੜਨ ਲਈ ‘ਜਨ ਸੁਰਾਜ’ ਮੰਚ ਬਣਾਇਆ ਹੈ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਗ੍ਰਹਿ ਸੂਬੇ ਬਿਹਾਰ ਤੋਂ ਕਰਨ ਦਾ ਫ਼ੈਸਲਾ ਲਿਆ ਹੈ। ਨਵੀਂ ਪਾਰਟੀ ਬਣਾਉਣ ਦੀਆਂ ਕਿਆਸਾਂ ਨੂੰ ਦਰਕਿਨਾਰ ਕਰਦਿਆਂ ਕਿਸ਼ੋਰ ਨੇ ਕਿਹਾ ਕਿ ਬਾਅਦ ’ਚ ਹੋ ਸਕਦਾ ਹੈ ਕਿ ਜਨ ਸੁਰਾਜ, ਸਿਆਸੀ ਪਾਰਟੀ ਦਾ ਰੂਪ ਲੈ ਲਵੇ। ਉਨ੍ਹਾਂ ਕਿਹਾ ਕਿ ਉਹ ਕਰੀਬ 18 ਹਜ਼ਾਰ ਲੋਕਾਂ ਦੇ ਸੰਪਰਕ ’ਚ ਹਨ ਜਿਨ੍ਹਾਂ ਨਾਲ ਉਨ੍ਹਾਂ ਬਿਹਾਰ ਦੇ ਆਪਣੇ ਸੁਪਨੇ ਨੂੰ ਸਾਂਝਾ ਕੀਤਾ ਹੈ। ਉਹ ਮਹਾਤਮਾ ਗਾਂਧੀ ਦੀ ਜੈਅੰਤੀ 2 ਅਕਤੂਬਰ ਨੂੰ ਚੰਪਾਰਨ ਦੇ ਗਾਂਧੀ ਆਸ਼ਰਮ ਤੋਂ ਤਿੰਨ ਹਜ਼ਾਰ ਕਿਲੋਮੀਟਰ ਦੀ ਪਦਯਾਤਰਾ ਸ਼ੁਰੂ ਕਰਕੇ ਇਨ੍ਹਾਂ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ‘ਜਨ ਸੁਰਾਜ’ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ,‘‘ਬਿਹਾਰ ਨੂੰ ਬਦਲਣ ਲਈ ਇਕ ਨਵੀਂ ਸੋਚ ਅਤੇ ਨਵੀਂ ਕੋਸ਼ਿਸ਼ ਦੀ ਲੋੜ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਿਆਸੀ ਪਾਰਟੀ ਬਣਾਈ ਜਾ ਸਕਦੀ ਹੈ।’’ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਲਾਲੂ ਪ੍ਰਸਾਦ ਨਾਲ ਕੰਮ ਕਰਨ ਵਾਲੇ ਕਿਸ਼ੋਰ ਨੇ ਪਿਛਲੇ ਤਿੰਨ ਦਹਾਕਿਆਂ ’ਚ ਸਮਾਜਿਕ ਅਤੇ ਆਰਥਿਕ ਪੱਧਰ ’ਤੇ ਪ੍ਰਾਪਤੀਆਂ ਲਈ ਦੋਵੇਂ ਆਗੂਆਂ ਸਿਰ ਸਿਹਰਾ ਬੰਨ੍ਹਿਆ। ਉਂਜ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਬਿਹਾਰ ਅਜੇ ਵੀ ਵਿਕਾਸ ਪੱਖੋਂ ਸਾਰੇ ਮਾਪਦੰਡਾਂ ’ਤੇ ਬਹੁਤ ਹੇਠਲੇ ਪੱਧਰ ’ਤੇ ਹੈ ਅਤੇ ਸੂਬੇ ਨੂੰ ਨਵੇਂ ਸਿਆਸੀ ਬਦਲ ਦੀ ਲੋੜ ਹੈ। ਭਾਜਪਾ ਤਰਜਮਾਨ ਨਿਖਿਲ ਆਨੰਦ ਨੇ ਕਿਹਾ ਕਿ ਉਹ ਹੋਰ ਤਾਕਤਾਂ ਲਈ ਸਟੈਪਨੀ ਜਾਂ ਸੁਰੱਖਿਆ ਵਾਲਵ ਵਾਂਗ ਕੰਮ ਕਰੇਗਾ। ਆਰਜੇਡੀ ਤਰਜਮਾਨ ਮ੍ਰਿਤੁੰਜਯ ਤਿਵਾੜੀ ਨੇ ਕਿਹਾ ਕਿ ਬਿਹਾਰ ’ਚ ਕੋਈ ਪ੍ਰਸ਼ਾਂਤ ਕਿਸ਼ੋਰ ਦਾ ਨੋਟਿਸ ਨਹੀਂ ਲੈਂਦਾ ਹੈ। -ਪੀਟੀਆਈ