ਨਵੀਂ ਦਿੱਲੀ, 5 ਅਗਸਤ
ਕਾਂਗਰਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਵੋਟ ਬੈਂਕ ਮੰਨਣਾ ਬੰਦ ਕਰਨ ਅਤੇ ਉਨ੍ਹਾਂ ਨਾਲ ਮਨੁੱਖਾਂ ਵਰਗਾਂ ਵਿਵਹਾਰ ਕਰਨ। ਰਾਜ ਸਭਾ ਵਿੱਚ ਖੇਤੀ ਮੰਤਰਾਲੇ ਦੇ ਕੰਮਕਾਜ ’ਤੇ ਹੋਈ ਚਰਚਾ ’ਤੇ ਅਧੂਰੇ ਰਹਿ ਗਏ ਆਪਣੇ ਜਵਾਬ ਨੂੰ ਅੱਗੇ ਵਧਾਉਂਦੇ ਹੋਏ ਖੇਤੀਬਾੜੀ ਮੰਤਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਨਾਲ ਨਾ ਸਿਰਫ ਛੋਟੇ ਤੇ ਹਾਸ਼ੀਆਗਤ ਕਿਸਾਨ ਤਾਕਤਵਰ ਹੋਏ ਹਨ ਬਲਕਿ ਉਨ੍ਹਾਂ ਦਾ ਸਨਮਾਨ ਵੀ ਵਧਿਆ ਹੈ। ਚੌਹਾਨ ਜਦੋਂ ਜਵਾਬ ਦੇ ਰਹੇ ਸਨ ਤਾਂ ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਨੇ ਉਨ੍ਹਾਂ ਨੂੰ ਕਈ ਵਾਰ ਰੋਕਣਾ ਚਾਹਿਆ ਅਤੇ ਭਾਜਪਾ ਸਰਕਾਰ ’ਤੇ ਕਿਸਾਨਾਂ ’ਤੇ ਗੋਲੀਆਂ ਚਲਾਉਣ ਦਾ ਦੋਸ਼ ਲਾਇਆ। ਇਸ ’ਤੇ ਖੇਤੀ ਮੰਤਰੀ ਨੇ ਕਿਹਾ, ‘‘ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਛੇੜੋ ਨਾ। ਜੇ ਛੇੜਿਆ ਤਾਂ ਛੱਡਾਂਗਾ ਨਹੀਂ।’’ ਕਾਂਗਰਸ ਦੇ ਮੈਂਬਰਾਂ ਨੇ ਖੇਤੀ ਮੰਤਰੀ ਦੇ ਜਵਾਬ ਦਾ ਵਿਰੋਧ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਦਿੱਤਾ। -ਪੀਟੀਆਈ