ਨਵੀਂ ਦਿੱਲੀ, 12 ਜੂਨ
ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਵੱਲੋਂ ‘ਕਲੱਬ ਹਾਊਸ’ ਸੰਵਾਦ ਦੌਰਾਨ ਕੀਤੀ ਗਈ ਟਿੱਪਣੀ ਨਾਲ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਮਨਸੂਖ ਕਰਕੇ ਸੂਬੇ ਦਾ ਦਰਜਾ ਖ਼ਤਮ ਕਰਨ ਨੂੰ ‘ਬਹੁਤ ਦੁਖਦਾਈ’ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਇਸ ਮੁੱਦੇ ’ਤੇ ਮੁੜ ਵਿਚਾਰ ਕਰੇਗੀ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਦੋਸ਼ ਲਾਇਆ ਹੈ ਕਿ ਉਹ ਭਾਰਤ ਖ਼ਿਲਾਫ਼ ਬੋਲਦੇ ਹਨ ਅਤੇ ਪਾਕਿਸਤਾਨ ਦੀ ‘ਹਾਂ ’ਚ ਹਾਂ’ ਮਿਲਾਉਂਦੇ ਹਨ। ਭਾਜਪਾ ਮੁਤਾਬਕ ਦਿਗਵਿਜੈ ਸਿੰਘ ਨੇ ਪਾਕਿਸਤਾਨੀ ਮੂਲ ਦੇ ਪੱਤਰਕਾਰ ਨਾਲ ਸੰਵਾਦ ਦੌਰਾਨ ਇਹ ਟਿੱਪਣੀ ਕੀਤੀ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਮੁੱਦੇ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੂੰ ਸਫ਼ਾਈ ਦੇਣੀ ਚਾਹੀਦੀ ਹੈ।
ਭਾਜਪਾ ਆਗੂ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਹ ਸਾਰਾ ਕੁਝ ਉਸੇ ਟੂਲਕਿੱਟ ਦਾ ਹਿੱਸਾ ਹੈ ਜਿਸ ਨੂੰ ਭਾਜਪਾ ਨੇ ਬੇਨਕਾਬ ਕੀਤਾ ਹੈ। ਕਾਂਗਰਸ ਪਾਰਟੀ ਨੂੰ ਆਪਣਾ ਨਾਮ ਆਈਐੱਨਸੀ ਤੋਂ ਬਦਲ ਕੇ ਏਐੱਨਸੀ (ਐਂਟੀ ਨੈਸ਼ਨਲ ਕੱਲਬ ਹਾਊਸ) ਰੱਖਣ ਲੈਣਾ ਚਾਹੀਦਾ ਹੈ। ਇਹ ਅਜਿਹਾ ਕਲੱਬ ਹਾਊਸ ਹੈ, ਜਿਸ ’ਚ ਸਾਰੇ ਲੋਕ ਮੋਦੀ ਨਾਲ ਨਫ਼ਰਤ ਕਰਦੇ ਕਰਦੇ ਅੱਜ ਹਿੰਦੁਸਤਾਨ ਨਾਲ ਨਫ਼ਰਤ ਕਰਨ ਲੱਗ ਪਏ ਹਨ।’’ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਕਿਰਨ ਰਿਜਿਜੂ ਨੇ ਵੀ ਟਵੀਟ ਕਰਕੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਹੈ। ਭਾਜਪਾ ਦੇ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵੀ ਡੀ ਸ਼ਰਮਾ ਨੇ ਕਿਹਾ ਕਿ ਐੱਨਆਈਏ ਨੂੰ ਦਿਗਵਿਜੈ ਸਿੰਘ ਦੀਆਂ ਸਰਗਰਮੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਣਗੇ। -ਪੀਟੀਆਈ
ਦਿਗਵਿਜੈ ਨੇ ਭਾਜਪਾ ਨੂੰ ਆਪਣੇ ਅੰਦਾਜ਼ ’ਚ ਦਿੱਤਾ ਜਵਾਬ
ਦਿਗਵਿਜੈ ਸਿੰਘ ਨੇ ਭਾਜਪਾ ’ਤੇ ਮੋੜਵਾਂ ਵਾਰ ਕਰਦਿਆਂ ਟਵੀਟ ਕੀਤਾ,‘‘ਅਨਪੜ੍ਹ ਲੋਕਾਂ ਦੀ ਜਮਾਤ ਨੂੰ shall (ਕਰਾਂਗੇ) ਅਤੇ consider (ਵਿਚਾਰ ਕਰਨਾ) ’ਚ ਫਰਕ ਸ਼ਾਇਦ ਸਮਝ ’ਚ ਨਹੀਂ ਆਉਂਦਾ ਹੈ।’’ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਜਦੋਂ ਮੋਦੀ ਸਰਕਾਰ ਸੱਤਾ ਤੋਂ ਲਾਂਭੇ ਹੋ ਗਈ ਤਾਂ ਧਾਰਾ 370 ਮਨਸੂਖ ਕੀਤੇ ਜਾਣ ਦੇ ਫ਼ੈਸਲੇ ਬਾਰੇ ਅੱਗੇ ਕੀ ਕਦਮ ਉਠਾਇਆ ਜਾਵੇਗਾ। ਸੂਬੇ ਦੇ ਇਕ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਇਹ ਕੌਮੀ ਮੁੱਦਾ ਹੈ ਅਤੇ ਪਾਰਟੀ ਨੇ ਇਸ ਵਿਸ਼ੇ ’ਤੇ ਬੋਲਣ ਲਈ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਕਾਂਗਰਸ ਵਿਧਾਇਕ ਅਤੇ ਦਿਗਵਿਜੈ ਸਿੰਘ ਦੇ ਪੁੱਤਰ ਜੈਵਰਧਨ ਸਿੰਘ ਨੇ ਕਿਹਾ ਕਿ ਅਗਲੀਆਂ ਚੋਣਾਂ ਧਾਰਾ 370 ਦੇ ਮੁੱਦੇ ’ਤੇ ਨਹੀਂ ਸਗੋਂ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਮਹਾਮਾਰੀ ਕਾਰਨ ਮੁਲਕ ਨੂੰ ਹੋਏ ਭਾਰੀ ਨੁਕਸਾਨ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ।