ਸ੍ਰੀਨਗਰ, 31 ਦਸੰਬਰ
ਹੈਦਰਪੋਰਾ ਮੁਕਾਬਲੇ ਦੀ ਜਾਂਚ ਸਬੰਧੀ ਉੱਠ ਰਹੇ ਸਵਾਲਾਂ ਦਰਮਿਆਨ ਕਸ਼ਮੀਰ ਦੇ ਪੁਲੀਸ ਮੁਖੀ ਵਿਜੈ ਕੁਮਾਰ ਨੇ ਅੱਜ ਕਿਹਾ ਕਿ ਵਾਦੀ ਵਿੱਚ ਮੁੱਖ ਧਾਰਾ ਨਾਲ ਜੁੜੀਆਂ ਪਾਰਟੀਆਂ ਦੇ ਸਿਆਸਤਦਾਨ ਲੋਕਾਂ ਨੂੰ ‘ਚੁੱਕਣਾ’ ਦੇ ਰਹੇ ਹਨ। ਕੁਮਾਰ ਨੇ ਕਿਹਾ ਕਿ ਸਿਆਸਤਦਾਨਾਂ ਜਾਂ ਮੀਡੀਆ ਨੂੰ ਪੁਲੀਸ ਜਾਂਚ ਨੂੰ ਗ਼ਲਤ ਦੱਸਣ ਦਾ ਕੋਈ ਅਖ਼ਤਿਆਰ ਜਾਂ ਅਧਿਕਾਰ ਨਹੀਂ ਹੈ ਤੇ ਸਿਰਫ਼ ਕੋਰਟ ਹੀ ਇਹ ਫੈਸਲਾ ਕਰ ਸਕਦੀ ਹੈ। ਕਸ਼ਮੀਰ ਜ਼ੋਨ ਪੁਲੀਸ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਸਿਆਸਤਦਾਨ ਲੋਕਾਂ ਨੂੰ ਭੜਕਾਉਣ ਤੇ ‘ਨੌਜਵਾਨਾਂ ਨੂੰ ਤਬਾਹ’ ਕਰਨ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕੁਝ ਸਿਆਸਤਦਾਨ ਦਹਿਸ਼ਤਗਰਦਾਂ ਵੱੱਲੋਂ ਆਮ ਨਾਗਰਿਕਾਂ ਤੇ ਪੁਲੀਸ ਮੁਲਾਜ਼ਮਾਂ ਦੀਆਂ ਕੀਤੀਆਂ ਹੱਤਿਆਵਾਂ ਨੂੰ ‘ਜਾਇਜ਼’ ਦੱਸਦੇ ਹਨ, ਜੋ ਕਿ ਵੱਡੀ ਚੁਣੌਤੀ ਹੈ। ਕੁਮਾਰ ਨੇ ਕਿਹਾ ਕਿ ਸਿਆਸਦਾਨਾਂ ਨੂੰ ਪੂਰਾ ਅਧਿਕਾਰ ਹੈ ਕਿ ਜੇਕਰ ਉਹ ਕਿਸੇ ਜਾਂਚ ਤੋਂ ਸੰਤੁਸ਼ਟ ਨਹੀਂ ਤਾਂ ਉਹ ਉੱਚ ਪੱਧਰ ’ਤੇ ਜਾਂਚ ਦੀ ਮੰਗ ਕਰਨ, ਪਰ ਉਨ੍ਹਾਂ ਨੂੰ ਜਾਂਚ ਨੂੰ ਗਲਤ ਦੱਸਣ ਦਾ ਕੋਈ ਅਧਿਕਾਰ ਨਹੀਂ ਹੈ। -ਪੀਟੀਆਈ
ਹੈਦਰਪੋਰਾ ਅਪਰੇਸ਼ਨ ਪੂਰੀ ਤਰ੍ਹਾਂ ਪਾਰਦਰਸ਼ੀ ਸੀ: ਡੀਜੀਪੀ
ਜੰਮੂ: ਜੰਮੂ-ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਹੈਦਰਪੋਰਾ ਕਾਰਵਾਈ ਪੂਰੀ ਤਰ੍ਹਾਂ ‘ਪਾਰਦਰਸ਼ੀ’ ਸੀ ਅਤੇ ਸਿਆਸੀ ਆਗੂ, ਜੋ ਸੁਰੱਖਿਆ ਬਲਾਂ ਨੂੰ ਦਿੱਤੀ ਗਈ ‘ਕਲੀਨ ਚਿੱਟ’ ਉੱਤੇ ਸਵਾਲ ਉਠਾ ਰਹੇ ਹਨ, ਉਨ੍ਹਾਂ ਨੂੰ ਜਾਂਚ ਕਮੇਟੀ ਅੱਗੇ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਹੈਦਰਪੋਰਾ ਅਪਰੇਸ਼ਨ ਪੂਰੀ ਤਰ੍ਹਾਂ ਪਾਰਦਰਸ਼ੀ ਸੀ। ਜੇ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਕਰਨ।’’