ਨਵੀਂ ਦਿੱਲੀ, 6 ਜੂਨ
ਸੰਸਦ ਭਵਨ ’ਚੋਂ ਮਹਾਤਮਾ ਗਾਂਧੀ, ਬਾਬਸਾਹਿਬ ਭੀਮ ਰਾਓ ਅੰਬੇਡਕਰ ਅਤੇ ਛਤਰਪਤੀ ਸ਼ਿਵਾਜੀ ਦੇ ਬੁੱਤਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ਤੋਂ ਹਟਾ ਕੇ ਦੂਜੀ ਥਾਂ ’ਤੇ ਸਥਾਪਤ ਕੀਤਾ ਗਿਆ ਹੈ ਜਿਸ ’ਤੇ ਸਿਆਸਤ ਭਖ ਗਈ ਹੈ।
ਕਾਂਗਰਸ ਨੇ ਇਸ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਹੈ। ਆਦਿਵਾਸੀ ਆਗੂ ਬਿਰਸਾ ਮੁੰਡਾ ਅਤੇ ਮਹਾਰਾਣਾ ਪ੍ਰਤਾਪ ਦੇ ਬੁੱਤ ਵੀ ਪੁਰਾਣੇ ਸੰਸਦ ਭਵਨ ਅਤੇ ਸੰਸਦੀ ਲਾਇਬ੍ਰੇਰੀ ਵਿਚਕਾਰ ਲਾਅਨ ’ਚ ਲਾਏ ਗਏ ਹਨ। ਹੁਣ ਸਾਰੇ ਬੁੱਤ ਇਕ ਹੀ ਥਾਂ ’ਤੇ ਸਥਾਪਤ ਕਰ ਦਿੱਤੇ ਗਏ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ‘ਐਕਸ’ ’ਤੇ ਲਿਖਿਆ, ‘‘ਛਤਰਪਤੀ ਸ਼ਿਵਾਜੀ ਮਹਾਰਾਜ, ਮਹਾਤਮਾ ਗਾਂਧੀ ਅਤੇ ਡਾ. ਬਾਬਾਸਾਹਿਬ ਅੰਬੇਡਕਰ ਦੇ ਬੁੱਤਾਂ ਨੂੰ ਹੁਣੇ ਜਿਹੇ ਸੰਸਦ ਭਵਨ ਦੇ ਸਾਹਮਣੇ ਉਨ੍ਹਾਂ ਦੇ ਮੂਲ ਸਥਾਨਾਂ ਤੋਂ ਹਟਾ ਦਿੱਤਾ ਗਿਆ ਹੈ। ਇਹ ਸਹੀ ਨਹੀਂ ਹੈ।’’ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਵੋਟਰਾਂ ਨੇ ਭਾਜਪਾ ਨੂੰ ਵੋਟ ਨਹੀਂ ਦਿੱਤਾ ਤਾਂ ਸ਼ਿਵਾਜੀ ਅਤੇ ਅੰਬੇਡਕਰ ਦੇ ਬੁੱਤ ਸੰਸਦ ’ਚ ਉਨ੍ਹਾਂ ਦੀਆਂ ਮੂਲ ਥਾਵਾਂ ਤੋਂ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗੁਜਰਾਤ ’ਚ ਸਾਰੀਆਂ 26 ਸੀਟਾਂ ’ਤੇ ਜਿੱਤ ਨਹੀਂ ਮਿਲੀ ਤਾਂ ਉਨ੍ਹਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਹਟਾ ਦਿੱਤਾ। ਖੇੜਾ ਨੇ ਲਿਖਿਆ, ‘‘ਸੋਚੋ, ਜੇਕਰ ਉਨ੍ਹਾਂ ਨੂੰ 400 ਸੀਟਾਂ ਮਿਲ ਜਾਂਦੀਆਂ ਤਾਂ ਕੀ ਇਹ ਸੰਵਿਧਾਨ ਨੂੰ ਬਖ਼ਸ਼ਦੇ।’’ ਇਸ ਮਹੀਨੇ ਜਦੋਂ 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ ਹੋਵੇਗਾ ਤਾਂ ਸੰਸਦ ਭਵਨ ਨਵੇਂ ਸਰੂਪ ’ਚ ਨਜ਼ਰ ਆਵੇਗਾ। ਸੰਸਦ ਭਵਨ ਦੇ ਅੰਦਰ ਚਾਰ ਇਮਾਰਤਾਂ ਨੂੰ ਮਿਲਾ ਕੇ ਇਕ ਕਰਨ ਦਾ ਕੰਮ ਚੱਲ ਰਿਹਾ ਹੈ। ਬਾਹਰੀ ਖੇਤਰ ਦੇ ਪੁਨਰ ਵਿਕਾਸ ਤਹਿਤ ਮਹਾਤਮਾ ਗਾਂਧੀ, ਸ਼ਿਵਾਜੀ ਅਤੇ ਮਹਾਤਮਾ ਜਯੋਤਿਬਾ ਫੂਲੇ ਸਮੇਤ ਕੌਮੀ ਮਹਾਪੁਰਸ਼ਾਂ ਦੇ ਬੁੱਤਾਂ ਨੂੰ ਪੁਰਾਣੇ ਸੰਸਦ ਭਵਨ ਦੇ ਗੇਟ ਨੰਬਰ 5 ਨੇੜੇ ਇਕ ਲਾਅਨ ’ਚ ਤਬਦੀਲ ਕਰਨ ਦੀ ਯੋਜਨਾ ਹੈ ਜਿਸ ਨੂੰ ਸੰਵਿਧਾਨ ਸਦਨ ਦਾ ਨਾਮ ਦਿੱਤਾ ਗਿਆ ਹੈ। ਇਸ ਨਾਲ ਨਵੇਂ ਸੰਸਦ ਭਵਨ ਦੇ ਗਜ ਦੁਆਰ ਸਾਹਮਣੇ ਇਕ ਵਿਸ਼ਾਲ ਲਾਅਨ ਦੀ ਉਸਾਰੀ ਦਾ ਰਾਹ ਪੱਧਰਾ ਹੋਵੇਗਾ ਜਿਸ ਦੀ ਵਰਤੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਨਵੇਂ ਭਵਨ ’ਚ ਦਾਖ਼ਲ ਹੋਣ ਲਈ ਕੀਤਾ ਜਾਵੇਗਾ। -ਪੀਟੀਆਈ