ਨਵੀਂ ਦਿੱਲੀ, 12 ਮਾਰਚ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਨੂੰ ਸੰਮਨ ਭੇਜ ਕੇ 15 ਮਾਰਚ ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਸੰਮਨ ਆਈਸੀ ਕੋਰ ਗਰੁੱਪ ਦੀਆਂ ਕੰਪਨੀਆਂ ਨਾਲ ਸਬੰਧਤ ਪੋਂਜ਼ੀ ਘੁਟਾਲਾ ਕੇਸ ਦੀ ਜਾਂਚ ਸਬੰਧੀ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ, ਜੋ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਨੂੰ 15 ਮਾਰਚ ਨੂੰ ਸੀਬੀਆਈ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਆਈਕੋਰ ਗਰੁੱਪ ਆਫ ਕੰਪਨੀਜ਼ ਖ਼ਿਲਾਫ਼ ਕੇਸ ਦਰਜ ਸੀ, ਜਿਸ ’ਤੇ ਲੋਕਾਂ ਨੂੰ ਵੱਧ ਪੈਸੇ ਮੋੜਨ ਦਾ ਲਾਲਚ ਦੇ ਕੇ 3000 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਦੀ ਦੋਸ਼ ਹੈ। -ਪੀਟੀਆਈ