ਜੰਮੂ, 11 ਅਕਤੂਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਘੁਸਪੈਠ ਖ਼ਿਲਾਫ਼ ਚਲਾਈ ਗਈ ਕਾਰਵਾਈ ਦੌਰਾਨ ਅਤਿਵਾਦੀਆਂ ਨਾਲ ਹੋਏ ਗਹਿਗੱਚ ਮੁਕਾਬਲੇ ’ਚ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਰੱਖਿਆ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਹ ਮਿਲਣ ਮਗਰੋਂ ਸੂਰਨਕੋਟ ਦੇ ਡੇਰਾ ਕੀ ਗਲੀ ’ਚ ਇਕ ਪਿੰਡ ਨੇੜੇ ਤੜਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਥੇ ਲੁਕੇ ਹੋਏ ਅਤਿਵਾਦੀਆਂ ਨੇ ਫ਼ੌਜੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਜੇਸੀਓ ਅਤੇ ਚਾਰ ਹੋਰ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਰੇ ਪੰਜ ਜਵਾਨਾਂ ਨੂੰ ਨੇੜਲੇ ਫ਼ੌਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਹ ਦਮ ਤੋੜ ਗਏ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਸੂਹ ਸੀ ਕਿ ਕੰਟਰੋਲ ਰੇਖਾ ਪਾਰ ਕਰਨ ਤੋਂ ਬਾਅਦ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਦਾ ਇਕ ਗੁੱਟ ਚਾਮਰੇਰ ਦੇ ਜੰਗਲਾਂ ’ਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਬਚ ਕੇ ਭੱਜਣ ਨਾ ਦੇਣ ਲਈ ਇਲਾਕੇ ਦੀ ਘੇਰਾਬੰਦੀ ਲਈ ਹੋਰ ਜਵਾਨਾਂ ਨੂੰ ਭੇਜਿਆ ਗਿਆ ਹੈ। ਤਰਜਮਾਨ ਨੇ ਸ਼ਾਮ ਨੂੰ ਕਿਹਾ ਕਿ ਅਤਿਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ’ਤੇ ਹਮਲੇ ਮਗਰੋਂ ਅਤਿਵਾਦੀ ਰਾਜੌਰੀ ਜ਼ਿਲ੍ਹੇ ਦੇ ਭੰਗਈ ਪਿੰਡ ’ਚ ਪਹੁੰਚ ਗਏ ਜਿਥੇ ਉਨ੍ਹਾਂ ਨਾਲ ਮੁਕਾਬਲਾ ਜਾਰੀ ਹੈ। ਇਸ ਤੋਂ ਪਹਿਲਾਂ ਅੱਜ ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲ੍ਹਿਆਂ ’ਚ ਮੁਕਾਬਲਿਆਂ ਦੌਰਾਨ ਦੋ ਦਹਿਸ਼ਤਗਰਦ ਹਲਾਕ ਹੋ ਗਏ ਜਦਕਿ ਇਕ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ। -ਪੀਟੀਆਈ
ਕਾਂਗਰਸ ਨੇ ਸਰਕਾਰ ਨੂੰ ਅਤਿਵਾਦ ਖ਼ਿਲਾਫ਼ ਸਖ਼ਤ ਕਦਮ ਉਠਾਉਣ ਲਈ ਕਿਹਾ
ਜੰਮੂ: ਪੁਣਛ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ’ਤੇ ਦੁੱਖ ਜ਼ਾਹਿਰ ਕਰਦਿਆਂ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪਾਕਿਸਤਾਨ ਦੀ ਸ਼ਹਿ ’ਤੇ ਫੈਲਾਏ ਜਾ ਰਹੇ ਅਤਿਵਾਦ ਨਾਲ ਸਿੱਝਣ ਲਈ ਢੁੱਕਵੇਂ ਅਤੇ ਸਖ਼ਤ ਕਦਮ ਉਠਾਏ। ਕਾਂਗਰਸ ਪਾਰਟੀ ਨੇ ਸੂਰਨਕੋਟ ਇਲਾਕੇ ’ਚ ਕਾਰਵਾਈ ਦੌਰਾਨ ਜਾਨਾਂ ਗੁਆਉਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਧਰ ਸ਼ਿਵ ਸੈਨਾ ਅਤੇ ਡੋਗਰਾ ਫਰੰਟ ਦੇ ਕਾਰਕੁਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਪੁਤਲਾ ਸਾੜਿਆ। -ਪੀਟੀਆਈ
ਸ਼ਹੀਦਾਂ ’ਚ ਮਾਨਾਂ ਤਲਵੰਡੀ ਤੇ ਪਛਰੰਡਾ ਦੇ ਜਵਾਨ ਵੀ ਸ਼ਾਮਲ
ਭੁਲੱਥ/ਨੂਰਪੁਰ ਬੇਦੀ (ਦਲੇਰ ਸਿੰਘ ਚੀਮਾ/ਬਲਵਿੰਦਰ ਰੈਤ): ਭੁਲੱਥ ਨੇੜਲੇ ਪਿੰਡ ਮਾਨਾਂ ਤਲਵੰਡੀ ਦਾ ਵਸਨੀਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਪੁੱਤਰ ਹਰਭਜਨ ਸਿੰਘ ਅਤੇ ਨੂਰਪੁਰ ਬੇਦੀ ਨੇੜਲੇ ਪਿੰਡ ਪਛਰੰਡਾ ਦਾ ਜਵਾਨ ਗੱਜਣ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅੱਜ ਜੰਮੂ-ਕਸ਼ਮੀਰ ਵਿੱਚ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਏ। ਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਫੌਜ ਵਿੱਚੋਂ ਬਤੌਰ ਕੈਪਟਨ ਸੇਵਾ ਮੁਕਤ ਹੋਏ ਸਨ। ਮ੍ਰਿਤਕ ਦਾ ਵੱਡਾ ਭਰਾ ਰਾਜਿੰਦਰ ਸਿੰਘ ਵੀ ਸਾਬਕਾ ਫੌਜੀ ਹੈ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਅਤੇ ਪਤਨੀ ਸੁਖਪ੍ਰੀਤ ਕੌਰ ਆਪਣੇ ਦੋ ਬੱਚਿਆਂ ਨਾਲ ਪਿੰਡ ਵਿੱਚ ਹੀ ਰਹਿੰਦੀ ਹੈ। ਮੁਕਾਬਲੇ ਵਿੱਚ ਸ਼ਹੀਦ ਹੋਏ ਪਿੰਡ ਪਛਰੰਦਾ ਦੇ ਜਵਾਨ ਗੱਜਣ ਸਿੰਘ ਦਾ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸ਼ਹੀਦ ਗੱਜਣ ਸਿੰਘ ਦਾ ਭਲਕੇ ਸਸਕਾਰ ਕੀਤਾ ਜਾਵੇਗਾ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ 50 ਲੱਖ ਦੇਵੇਗੀ ਪੰਜਾਬ ਸਰਕਾਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਜੋ ਪੁਣਛ ਸੈਕਟਰ ’ਚ ਅਤਿਵਾਦੀਆਂ ਦਾ ਟਾਕਰਾ ਕਰਦਿਆਂ ਦੇਸ਼ ਸੇਵਾ ਲਈ ਜਾਨਾਂ ਨਿਛਾਵਰ ਕਰ ਗਏ ਹਨ। ਸ਼ਹੀਦਾਂ ਵਿਚ ਮੈਕੇਨਾਈਜ਼ਡ ਇਨਫੈਂਟਰੀ (1 ਸਿੱਖ) ਦੇ ਯੂਨਿਟ-4 ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਨਾਲ ਸਬੰਧਤ ਹਨ। 11 ਸਿੱਖ ਦੇ ਨਾਇਕ ਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਘਣੀਕੇ ਬਾਂਗਰ ਨੇੜਲੇ ਪਿੰਡ ਚੱਠਾ ਸ਼ੀਰਾ ਅਤੇ 23 ਸਿੱਖ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਛਰੰਦਾ ਨਾਲ ਸਬੰਧਤ ਹਨ। -ਟਨਸ