ਲਖਨਊ, 12 ਜੁਲਾਈ
ਵਿਰੋੋਧੀ ਪਾਰਟੀਆਂ ਨੇ ਪ੍ਰਸਤਾਵਿਤ ਆਬਾਦੀ ਰੋਕਥਾਮ ਬਿੱਲ ਨੂੰ ਲੈ ਕੇ ਅੱਜ ਉੱਤਰ ਪ੍ਰਦੇਸ਼ ਸਰਕਾਰ ’ਤੇ ਨਿਸ਼ਾਨਾ ਸੇਧਿਆ। ਇਕ ਪਾਸੇ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਰਾਜ ਸਰਕਾਰ ਤੋਂ ਸਵਾਲ ਕੀਤਾ ਕਿ ਉਸ ਦੇ ਮੰਤਰੀਆਂ ਦੇ ਕਿੰਨੇ ‘ਜਾਇਜ਼ ਤੇ ਨਾਜਾਇਜ਼ ਬੱਚੇ’ ਹਨ, ਉੱਥੇ ਹੀ ਸਮਾਜਵਾਦੀ ਪਾਰਟੀ ਨੇ ਇਸ ਪ੍ਰਸਤਾਵਿਤ ਬਿੱਲ ਨੂੰ ਮਹਿਜ਼ ਚੋਣ ਪ੍ਰਚਾਰ ਕਰਾਰ ਦਿੱਤਾ ਹੈ।
ਸੂਬੇ ਵਿਚ ਵਧਦੀ ਆਬਾਦੀ ਨੂੰ ਨੱਥ ਪਾਉਣ ਅਤੇ ਸਮਾਂਬੱਧ ਢੰਗ ਨਾਲ ਜਣੇਪਾ ਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਉੱਤਰ ਪ੍ਰਦੇਸ਼ ਆਬਾਦੀ ਨੀਤੀ 2021-2030 ਜਾਰੀ ਕੀਤੇ ਜਾਣ ਤੋਂ ਇਕ ਦਿਨ ਬਾਅਦ ਇਹ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।
ਫਾਰੂਖਾਬਾਦ ਵਿਚ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ, ‘‘ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਦੇ ਮੰਤਰੀਆਂ ਦੇ ਕਿੰਨੇ-ਕਿੰਨੇ ਜਾਇਜ਼ ਤੇ ਨਾਜਾਇਜ਼ ਬੱਚੇ ਹਨ। ਮੈਂ ਵੀ ਦੱਸਾਂਗਾ ਕਿ ਮੇਰੇ ਕਿੰਨੇ ਬੱਚੇ ਹਨ ਅਤੇ ਫਿਰ ਇਸ ’ਤੇ ਚਰਚਾ ਹੋਣੀ ਚਾਹੀਦੀ ਹੈ।’’ ਉੱਧਰ, ਸਮਾਜਵਾਦੀ ਪਾਰਟੀ ਦੇ ਸੰਭਲ ਤੋਂ ਸੰਸਦ ਮੈਂਬਰ ਸ਼ਕਫਿਕੁਰ ਰਹਿਮਾਨ ਬਰਕ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਵਧਦੀ ਆਬਾਦੀ ’ਤੇ ਰੋਕ ਲਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਵਿਆਹਾਂ ’ਤੇ ਰੋਕ ਲਗਾ ਦੇਣੀ ਚਾਹੀਦੀ ਹੈ। -ਪੀਟੀਆਈ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬਿੱਲ ’ਚੋਂ ਇਕ ਬੱਚੇ ਸਬੰਧੀ ਨੇਮ ਹਟਾਉਣ ਲਈ ਕਿਹਾ
ਨਵੀਂ ਦਿੱਲੀ: ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਸ਼ਵਰਾ ਦਿੱਤਾ ਹੈ ਕਿ ਪ੍ਰਸਤਾਵਿਤ ਆਬਾਦੀ ਰੋਕਥਾਮ ਬਿੱਲ ਦੇ ਖਰੜੇ ਵਿਚੋਂ ਇਕ ਬੱਚੇ ਵਾਲੀ ਨੀਤੀ ਹਟਾਈ ਜਾਵੇ। ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਅੱਜ ਉੱਤਰ ਪ੍ਰਦੇਸ਼ ਕਾਨੂੰਨ ਕਮਿਸ਼ਨ ਨੂੰ ਲਿਖੇ ਪੱਤਰਵਿੱਚ ਇਹ ਮੰਗ ਕੀਤੀ। -ਪੀਟੀਆਈ