ਨਵੀਂ ਦਿੱਲੀ, 19 ਮਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਕਾਰੋਬਾਰੀ ਰਾਜ ਕੁੰਦਰਾ ਅਤੇ ਹੋਰਨਾਂ ਨੂੰ 2021 ਵਿੱਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਅੱਜ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੰਘੀ ਜਾਂਚ ਏਜੰਸੀ ਨੇ ਘੱਟੋ-ਘੱਟ ਦੋ ਐੱਫਆਈਆਰਜ਼ ਅਤੇ ਅਦਾਲਤ ਵਿੱਚ ਦਾਇਰ ਦੋਸ਼ ਪੱਤਰ ਦੀ ਘੋਖ ਕਰਨ ਮਗਰੋਂ ਕਾਲਾ ਧਨ ਰੋਕੂ ਕਾਨੂੰਨ ਦੀਆਂ ਅਪਰਾਧਕ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕੀਤੀ ਹੈ। ਦੱਸਣਯੋਗ ਹੈ ਕਿ ਅਸ਼ਲੀਲ ਫ਼ਿਲਮਾਂ ਦੇ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਤੇ ਉਸ ਦੇ ਸਹਿਯੋਗੀ ਰਯਾਨ ਥੋਰਪੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। -ਪੀਟੀਆਈ