ਮੁੰਬਈ, 13 ਦਸੰਬਰ
ਮੁੰਬਈ ਪੁਲੀਸ ਨੇ ਅੱਜ ਬੰਬਈ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਕਥਿਤ ਤੌਰ ’ਤੇ ਕਿਸਾਨ ਅੰਦੋਲਨ ਨੂੰ ਵੱਖਵਾਦੀ ਸਮੂਹ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਮਾਮਲੇ ਵਿਚ ਪੁਲੀਸ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ 25 ਜਨਵਰੀ ਤੱਕ ਗ੍ਰਿਫ਼ਤਾਰ ਨਹੀਂ ਕਰੇਗੀ। ਪੁਲੀਸ ਨੇ ਇਹ ਬਿਆਨ ਜਸਟਿਸ ਨਿਤਿਨ ਜਾਮਦਾਰ ਅਤੇ ਜਸਟਿਸ ਸਾਰੰਗ ਕੋਤਵਾਲ ਦੇ ਬੈਂਚ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਦਿੱਤਾ ਕਿ ਇਹ ਮਾਮਲਾ ਰਣੌਤ ਦੀ ਬੋਲਣ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੇ ਵੱਡੇ ਸਵਾਲ ਨਾਲ ਸਬੰਧਤ ਹੈ ਅਤੇ ਅਦਾਲਤ ਉਸ ਨੂੰ ਕੁਝ ਅੰਤ੍ਰਿਮ ਰਾਹਤ ਦੇਵੇਗੀ। ਰਣੌਤ ਨੇ ਇਸ ਮਹੀਨੇ ਦੇ ਸ਼ੁਰੂਆਤ ਵਿਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੇ ਮੁੰਬਈ ਦੇ ਖਾਰ ਪੁਲੀਸ ਥਾਣੇ ਵਿਚ ਸਿੱਖ ਆਗੂਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਨਵੰਬਰ ਮਹੀਨੇ ਵਿਚ ਦਰਜ ਐੱਫਆਈਆਰ ਰੱਦ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਖ ਆਗੂਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਰਣੌਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਰਣੌਤ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਦੇ ਰੂਪ ਵਿਚ ਪੇਸ਼ ਕੀਤਾ। -ਪੀਟੀਆਈ