ਆਤਿਸ਼ ਗੁਪਤਾ
ਚੰਡੀਗੜ੍ਹ, 27 ਦਸੰਬਰ
ਕੇਂਦਰੀ ਖੇਤੀ ਕਾਨੂੰਨਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਤੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਰਿਆਣਾ ਵਿੱਚ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਵਿਰੋਧ ਸੂਬੇ ਤੋਂ ਬਾਹਰ ਹੁਣ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਵੀ ਹੋਣ ਲੱਗਾ ਹੈ। ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਚੌਟਾਲਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਾ ਦਿੱਤੇ ਹਨ ਜਿਨ੍ਹਾਂ ਵਿਚ ਉਪ ਮੁੱਖ ਮੰਤਰੀ ਦੀ ਤਸਵੀਰ ਲਾ ਕੇ ‘ਗੁੰਮਸ਼ੁਦਾ ਦੀ ਤਾਲਾਸ਼’ ਲਿਖਿਆ ਗਿਆ ਹੈ। ਸਿੰਘੂ ਬਾਰਡਰ ’ਤੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਚੌਟਾਲਾ ਕਿਸਾਨਾਂ ਦੀਆਂ ਵੋਟਾਂ ਸਹਾਰੇ ਉਪ ਮੁੱਖ ਮੰਤਰੀ ਬਣੇ ਹਨ ਪਰ ਹੁਣ ਉਹ ਖ਼ੁਦ ਹੀ ਕਿਸਾਨਾਂ ਵਿੱਚੋਂ ਗਾਇਬ ਹਨ। ਉਹ ਲਗਾਤਾਰ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ‘ਦੁਸ਼ਯੰਤ ਦੇ ਦਾਦਾ ਚੌਧਰੀ ਦੇਵੀ ਲਾਲ ਨੇ ਕਿਸਾਨਾਂ ਲਈ ਕਿਸੇ ਸਮੇਂ ਕੁਰਸੀ ਨੂੰ ਲੱਤ ਮਾਰ ਦਿੱਤੀ ਸੀ ਪਰ ਦੁਸ਼ਯੰਤ ਨੇ ਕੁਰਸੀ ਦੇ ਲਾਲਚ ਵਿੱਚ ਕਿਸਾਨਾਂ ਨੂੰ ਲੱਤ ਮਾਰ ਦਿੱਤੀ ਹੈ।’ ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਿਸਾਨ ਆਗੂਆਂ ਨੇ ਚੌਟਾਲਾ ਦੇ ਹਰ ਸਮਾਗਮ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ। ਸੂਬੇ ਵਿਚ ਜੇਜੇਪੀ ਦੇ ਲਗਾਤਾਰ ਵੱਧ ਰਹੇ ਵਿਰੋਧ ਤੋਂ ਬਾਅਦ ਸੱਤਾ ਵਿਚ ਭਾਈਵਾਲ ਪਾਰਟੀ ਲਈ ਹੁਣ ਇਹ ਪ੍ਰੀਖਿਆ ਦਾ ਸਮਾਂ ਹੈ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਕਿਸਾਨਾਂ ਦੀ ਹਮਾਇਤ ਦੀ ਗੱਲ ਤਾਂ ਜ਼ਰੂਰ ਕਰ ਰਹੇ ਹਨ ਪਰ ਅਸਲ ਵਿਚ ਕਿਸਾਨਾਂ ਨਾਲ ਕਿਤੇ ਵੀ ਖੜ੍ਹੇ ਦਿਖਾਈ ਨਹੀਂ ਦੇ ਰਹੇ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਆਪਣੇ ਵਿਧਾਨ ਸਭਾ ਹਲਕੇ ਉਚਾਣਾ ਦੇ ਦੌਰੇ ਮੌਕੇ ਬਣਾਏ ਗਏ ਹੈਲੀਪੈਡ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੁੱਟ ਕੇ ਕਾਲੇ ਝੰਡੇ ਗੱਡ ਦਿੱਤੇ ਸਨ। ਸੜਕ ਰਾਹੀਂ ਆਉਣ ’ਤੇ ਵੀ ਕਾਲੇ ਝੰਡੇ ਵਿਖਾਉਣ ਦੀ ਤਿਆਰੀ ਵਿੱਢੀ ਗਈ ਸੀ ਤੇ ਚੌਟਾਲਾ ਨੂੰ ਦੌਰਾ ਰੱਦ ਕਰਨਾ ਪਿਆ ਸੀ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਸਾਬਕਾ ਕੇਂਦਰੀ ਮੰਤਰੀ ਬਰਿੰਦਰ ਸਿੰਘ ਅਤੇ ਦਾਦਰੀ ਦੇ ਵਿਧਾਇਕ ਸੋਮਵੀਰ ਸਾਂਗਵਾਨ ਪਹਿਲਾਂ ਹੀ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ।
ਮਸਲੇ ਦਾ ਜਲਦੀ ਹੱਲ ਨਿਕਲਣ ਦੀ ਉਮੀਦ: ਜੇਜੇਪੀ ਪ੍ਰਧਾਨ
ਜੇਜੇਪੀ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਉਹ ਕਿਸਾਨ ਹਨ ਤੇ ਕਿਸਾਨਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਕੇਂਦਰ ਸਰਕਾਰ ਨਾਲ ਮਸਲੇ ਦੇ ਜਲਦੀ ਹੱਲ ਬਾਰੇ ਗੱਲਬਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਆਸ ਜਤਾਈ ਕਿ ਕੇਂਦਰ ਸਰਕਾਰ ਅਗਲੀ ਮੀਟਿੰਗ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਠੋਸ ਹੱਲ ਕੱਢੇਗੀ।