ਪਟਨਾ, 2 ਅਕਤੂਬਰ
Prashant Kishor launches new Party: ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਬੁੱਧਵਾਰ ਨੂੰ ਇਥੇ ਆਪਣੀ ਸਿਆਸੀ ਪਾਰਟੀ – ਜਨ ਸੁਰਾਜ ਪਾਰਟੀ ਦਾ ਬਾਕਾਇਦਾ ਆਗ਼ਾਜ਼ ਕਰ ਦਿੱਤਾ ਹੈ। ਇਹ ਐਲਾਨ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਇਥੋਂ ਦੇ ਵੈਟਰਨਰੀ ਕਾਲਜ ਦੇ ਮੈਦਾਨ ਵਿਚ ਕੀਤੀ ਗਈ ਇਕ ਰੈਲੀ ਦੌਰਾਨ ਕੀਤਾ ਗਿਆ, ਜਿਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਦੇਵੇਂਦਰ ਪ੍ਰਸਾਦ ਯਾਦਵ, ਡਿਪਲੋਮੈਟ ਤੋਂ ਸਿਆਸਤਦਾਨ ਬਣੇ ਪਵਨ ਵਰਮਾ ਅਤੇ ਸਾਬਕਾ ਐੱਮਪੀ ਮੁਨਾਜ਼ਿਰ ਹਸਨ ਆਦਿ ਵਰਗੀਆਂ ਨਾਮੀ ਸ਼ਖ਼ਸੀਅਤਾਂ ਹਾਜ਼ਰ ਸਨ।
ਕਿਸ਼ੋਰ ਪੂਰੇ ਦੋ ਸਾਲ ਪਹਿਲਾਂ ਬਿਹਾਰ ਦੀ 3000 ਕਿਲੋਮੀਟਰ ਲੰਬੀ ‘ਪਦਯਾਤਰਾ’ ਉਤੇ ਨਿਕਲੇ ਸਨ। ਇਹ ਪਦਯਾਤਰਾ ਚੰਪਾਰਨ ਤੋਂ ਸ਼ੁਰੂ ਕੀਤੀ ਗਈ ਸੀ ਜਿਥੋਂ ਮਾਤਮਾ ਗਾਂਧੀ ਨੇ ਦੇਸ਼ ਵਿਚ ਆਪਣਾ ਸੱਤਿਆਗ੍ਰਹਿ ਆਰੰਭ ਕੀਤਾ ਸੀ। ਕਿਸ਼ੋਰ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਜੰਮਪਲ ਅਤੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦਾ ਇਸ ਪਾਰਟੀ ਰਾਹੀਂ ਬਿਹਾਰ ਵਾਸੀਆਂ ਨੂੰ ਇਕ ਨਵਾਂ ਸਿਆਸੀ ਬਦਲ ਦੇਣ ਦਾ ਦਾਅਵਾ ਹੈ।
ਉਨ੍ਹਾਂ ਨੂੰ ਆਪਣੇ ਚੋਣ ਪ੍ਰਬੰਧ ਦੀ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਉਹ ਲਾਲੂ ਪ੍ਰਸਾਦ ਯਾਦਵ, ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸੂਬੇ ਦੀ ਭਾਜਪਾ ਲੀਡਰ ਆਦਿ ਨੂੰ ਸਿਆਸੀ ਚੁਣੌਤੀ ਦੇਣ ਲਈ ਆਪਣਾ ਆਧਾਰ ਮਜ਼ਬੂਤ ਕਰ ਰਹੇ ਹਨ।
ਕਿਸ਼ੋਰ ਦੀ ਪਾਰਟੀ ਭਾਜਪਾ ਦੀ ‘ਬੀ’ ਟੀਮ: ਮੀਸਾ ਭਾਰਤੀ
Misa Bharti: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਰਾਜ ਸਭਾ ਮੈਂਬਰ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਨੇ ਪ੍ਰਸ਼ਾਂਤ ਕਿਸ਼ੋਰ ਉਤੇ ਤਨਜ਼ ਕੱਸਦਿਆਂ ਸਵਾਲ ਕੀਤਾ ਕਿ ਕੀ ਉਹ ਆਪਣੀ ਪਾਰਟੀ ਦਾ ਨਾਂ ‘ਭਾਜਪਾ ਦੀ ਬੀ ਟੀਮ’ ਰੱਖਣਗੇ। ਕਿਸ਼ੋਰ ਵੱਲੋਂ ਪਿਛਲੇ ਦਿਨਾਂ ਤੋਂ ਕੀਤੇ ਜਾ ਰਹੇ ਦਾਅਵਿਆਂ ਕਿ ਉਹ 2 ਅਕਤੂਬਰ ਨੂੰ ਪਾਰਟੀ ਦਾ ਐਲਾਨ ਕਰਨਗੇ, ਉਤੇ ਟਿੱਪਣੀ ਕਰਦਿਆਂ ਬੀਬੀ ਮੀਸਾ ਨੇ ਕਿਹਾ, ‘‘ਹਰ ਕੋਈ ਪਾਰਟੀ ਬਣਾ ਸਕਦਾ ਹੈ; ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਦੀ ਪਹਿਲਾਂ ਵੀ ਇਕ ਪਾਰਟੀ ਸੀ। ਮੈਂ ਮੀਡੀਆ ਰਾਹੀਂ ਜਨ ਸੁਰਾਜ ਪਾਰਟੀ ਬਾਰੇ ਸੁਣ ਰਹੀ ਹਾਂ। ਕੀ ਉਹ ਅੱਜ ਇਸ ਦਾ ਨਾਂ ਬਦਲਣਗੇ? ਕੀ ਇਹ ਭਾਜਪਾ ਦੀ ‘ਬੀ’ ਟੀਮ ਬਣੇਗੀ?’’ -ਏਜੰਸੀਆਂ