ਨਵੀਂ ਦਿੱਲੀ, 3 ਫਰਵਰੀ
ਸੀਬੀਆਈ ਦੇ ਵਧੀਕ ਨਿਰਦੇਸ਼ਕ ਤੇ 1988 ਬੈਚ ਦੇ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਪ੍ਰਵੀਨ ਸਿਨਹਾ ਨੂੰ ਕੇਂਦਰੀ ਜਾਂਚ ਏਜੰਸੀ ਦਾ ਕਾਰਜਕਾਰੀ ਮੁਖੀ ਥਾਪ ਦਿੱਤਾ ਗਿਆ ਹੈ। ਰਿਸ਼ੀ ਕੁਮਾਰ ਸ਼ੁਕਲਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਅੱਜ ਸੀਬੀਆਈ ਦੇ ਨਿਰਦੇਸ਼ਕ ਵਜੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੀ ਥਾਂ ਨਵੇਂ ਡਾਇਰੈਕਟਰ ਦੀ ਨਿਯੁਕਤੀ ਤੱਕ ਸਿਨਹਾ ਇਸ ਅਹੁਦੇ ਦਾ ਕਾਰਜਕਾਰੀ ਮੁਖੀ ਵਜੋਂ ਕਾਰਜਭਾਰ ਦੇਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਿਯੁਕਤੀਆਂ ਬਾਰੇ ਕਮੇਟੀ ਨੇ ਆਰਜ਼ੀ ਮੁਖੀ ਵਜੋਂ ਸਿਨਹਾ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਬੀਆਈ ਦੇ ਇਸ ਸਿਖਰਲੇ ਅਹੁਦੇ ਦੀ ਦੌੜ ਵਿੱਚ ਐੱਨਆਈਏ ਮੁਖੀ ਵਾਈ.ਸੀ.ਮੋਦੀ, ਬੀਐੱਸਐੱਫ ਦੇ ਮੁਖੀ ਰਾਕੇਸ਼ ਅਸਥਾਨਾ, ਮਹਾਰਾਸ਼ਟਰ ਪੁਲੀਸ ਦੇ ਮੁਖੀ ਸੁਬੋਧ ਕੁਮਾਰ ਜੈਸਵਾਲ, ਕੇਰਲਾ ਪੁਲੀਸ ਦੇ ਮੁਖੀ ਲੋਕਨਾਥ ਬੇਹੁਰਾ ਤੇ ਆਈਟੀਬੀਪੀ ਦੇ ਡੀਜੀ ਐੱਸ.ਐੱਸ.ਦੇਸਵਾਲ ਸ਼ਾਮਲ ਹਨ। -ਪੀਟੀਆਈ