ਮੁੱਖ ਅੰਸ਼
- ਸਿਹਤ ਸਕੱਤਰ ਨੇ ਕਮਿਸ਼ਨ ਨੂੰ ਓਮੀਕਰੋਨ ਦੇ ਫੈਲਾਅ ਬਾਰੇ ਵੀ ਕਰਾਇਆ ਜਾਣੂ
- ਕਮਿਸ਼ਨ ਵੱਲੋਂ ਸੁਰੱਖਿਆ ਪ੍ਰਬੰਧਾਂ ਬਾਰੇ ਆਈਟੀਬੀਪੀ ਤੇ ਬੀਐੱਸਐਫ ਦੇ ਅਧਿਕਾਰੀਆਂ ਨਾਲ ਮੁਲਾਕਾਤ
ਨਵੀਂ ਦਿੱਲੀ, 27 ਦਸੰਬਰ
ਚੋਣ ਕਮਿਸ਼ਨ ਨੇ ਅੱਜ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਕੀਤੀ ਤੇ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ। ਕਮਿਸ਼ਨ ਨੇ ਆਈਟੀਬੀਪੀ, ਬੀਐੱਸਐਫ ਤੇ ਐੱਸਐੱਸਬੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਚੋਣਾਂ ਵਾਲੇ ਸਰਹੱਦੀ ਸੂਬਿਆਂ ਵਿਚ ਸਖ਼ਤ ਨਿਗਰਾਨੀ ਕਰਨ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਉੱਤਰਾਖੰਡ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਸੂਬੇ ਹਨ। ਸੂਤਰਾਂ ਮੁਤਾਬਕ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਰੀਬ ਇਕ ਘੰਟਾ ਚੋਣ ਕਮਿਸ਼ਨ ਨੂੰ ਦੇਸ਼ ਵਿਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਚੋਣਾਂ ਵਾਲੇ ਸੂਬਿਆਂ ਉੱਤਰਾਖੰਡ, ਮਨੀਪੁਰ, ਗੋਆ, ਪੰਜਾਬ ਤੇ ਯੂਪੀ ਬਾਰੇ ਡੂੰਘਾਈ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁਲਤਵੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਚੋਣਾਂ ਵਾਲੇ ਸੂਬਿਆਂ ਵਿਚ ਓਮੀਕਰੋਨ ਦੇ ਫੈਲਣ ਬਾਰੇ ਵੀ ਸਿਹਤ ਸਕੱਤਰ ਭੂਸ਼ਣ ਨੇ ਕਮਿਸ਼ਨ ਨੂੰ ਜਾਣੂ ਕਰਾਇਆ। ਸਿਹਤ ਸਕੱਤਰ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਓਮੀਕਰੋਨ ਦੇ ਜ਼ਿਆਦਾ ਫੈਲਣ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਮੀਟਿੰਗ ਵਿਚ ਦੱਸਿਆ ਕਿ ਕੇਸ ਜਿਸ ਪ੍ਰਤੀਸ਼ਤ ਨਾਲ ਹੁਣ ਵਧ ਰਹੇ ਹਨ, ਅਗਲੇ ਕੁਝ ਮਹੀਨਿਆਂ ਦੌਰਾਨ ਰੋਜ਼ਾਨਾ ਕੇਸਾਂ ਵਿਚ 25 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਜ਼ਿਲ੍ਹਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਿੱਥੇ ‘ਆਰ’ ਵੈਲਿਊ ਵਧੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਬੈਠਕਾਂ ਜਾਣਕਾਰੀ ਇਕੱਤਰ ਕਰਨ ਲਈ ਸਨ। ਹੁਣ ਚੋਣ ਕਮਿਸ਼ਨ ਇਸ ਦੀ ਸਮੀਖਿਆ ਕਰ ਕੇ ਫ਼ੈਸਲਾ ਲਏਗਾ। ਸਿਹਤ ਸਕੱਤਰ ਨੇ ਕਮਿਸ਼ਨ ਨੂੰ ਕੋਵਿਡ ਨਾਲ ਜੁੜੀਆਂ ਤਾਜ਼ਾ ਹਦਾਇਤਾਂ ਬਾਰੇ ਵੀ ਦੱਸਿਆ। ਕਮਿਸ਼ਨ ਅਗਲੇ ਮਹੀਨੇ ਚੋਣਾਂ ਦੀਆਂ ਤਰੀਕਾਂ ਬਾਰੇ ਐਲਾਨ ਕਰ ਸਕਦਾ ਹੈ। ਭਲਕੇ ਚੋਣ ਕਮਿਸ਼ਨ ਦੇ ਅਧਿਕਾਰੀ ਯੂਪੀ ਦਾ ਦੌਰਾ ਕਰਨਗੇ ਤੇ ਤਿਆਰੀਆਂ ਦਾ ਜਾਇਜ਼ਾ ਲੈਣਗੇ। -ਪੀਟੀਆਈ/ਆਈਏਐੱਨਐੱਸ
ਐਨਸੀਬੀ ਨੂੰ ਪੰਜਾਬ ਤੇ ਗੋਆ ’ਚ ਨਸ਼ਾ ਤਸਕਰੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ
ਚੋਣ ਕਮਿਸ਼ਨ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਉੱਚ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਉਤੇ ਨਜ਼ਰ ਰੱਖਣ ਲਈ ਕਿਹਾ ਹੈ। ਕਮਿਸ਼ਨ ਨੇ ਐਨਸੀਬੀ ਨੂੰ ਡਰੱਗ ਤਸਕਰੀ ਦੇ ਮਾਮਲੇ ’ਚ ਖਾਸ ਤੌਰ ’ਤੇ ਪੰਜਾਬ ਅਤੇ ਗੋਆ ’ਤੇ ਧਿਆਨ ਦੇਣ ਲਈ ਕਿਹਾ ਹੈ।
‘ਚੋਣਾਂ ਵਾਲੇ ਸੂਬਿਆਂ ਵਿਚ ਟੀਕਾਕਰਨ ਤੇਜ਼ੀ ਨਾਲ ਹੋਵੇ’
ਚੋਣ ਕਮਿਸ਼ਨ ਨੇ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਸਕੱਤਰ ਨੂੰ ਹਦਾਇਤ ਕੀਤੀ ਕਿ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾਵੇ। ਕਮਿਸ਼ਨ ਨੇ ਨੋਟ ਕੀਤਾ ਕਿ ਯੂਪੀ, ਪੰਜਾਬ ਤੇ ਮਨੀਪੁਰ ਵਿਚ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਘੱਟ ਹੈ। ਜਦਕਿ ਗੋਆ ਤੇ ਉੱਤਰਾਖੰਡ ਵਿਚ ਇਹ 100 ਪ੍ਰਤੀਸ਼ਤ ਦੇ ਨੇੜੇ ਲੱਗ ਗਈ ਹੈ। ਦੂਜੀ ਡੋਜ਼ ਵੀ ਤੇਜ਼ੀ ਨਾਲ ਦੇਣ ਬਾਰੇ ਕਿਹਾ ਗਿਆ ਹੈ।
ਸਰਕਾਰ ਨੂੰ ਚੋਣ ਡਿਊਟੀ ਕਰਨ ਵਾਲਿਆਂ ਦੇ ਵੈਕਸੀਨ ਲਾਉਣ ਦੀ ਹਦਾਇਤ
ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਚੋਣ ਡਿਊਟੀ ਕਰਨ ਵਾਲੇ ਸਾਰਿਆਂ ਦੇ ਵੈਕਸੀਨ ਲਾ ਦਿੱਤੇ ਜਾਣ। ਇਸ ਮੌਕੇ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਉਤੇ ਵੀ ਧਿਆਨ ਕੇਂਦਰਤ ਕੀਤਾ ਗਿਆ। ਸਿਹਤ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਸਾਰੇ ਮੁਲਕ ਵਿਚ ਟੀਕਾਕਰਨ ਦੀ ਵਰਤਮਾਨ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।
ਕੇਂਦਰ ਵੱਲੋਂ ਰਾਜਾਂ ਅਤੇ ਯੂਟੀਜ਼ ਨੂੰ ਕੋਵਿਡ ਪ੍ਰਬੰਧਾਂ ਬਾਰੇ ਨਵੀਆਂ ਹਦਾਇਤਾਂ
ਨਵੀਂ ਦਿੱਲੀ: ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਉਛਾਲ ਦੇ ਸ਼ੁਰੂਆਤੀ ਸੰਕੇਤਾਂ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਓਮੀਕਰੋਨ ਸਰੂਪ ਦੇ ਕੇਸ ਸਾਹਮਣੇ ਆਉਣ ਦਰਮਿਆਨ ਕੇਂਦਰ ਸਰਕਾਰ ਨੇ ਮਹਾਮਾਰੀ ਦੇ ਹਾਲਾਤ ਨਾਲ ਸਿੱਝਣ ਲਈ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਰਾਜਾਂ ਤੇ ਯੂਟੀਜ਼ ਨੂੰ ਜ਼ਰੂਰਤ ਮੁਤਾਬਕ ਸਥਾਨਕ ਪੱਧਰ ’ਤੇ ਪਾਬੰਦੀਆਂ ਲਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਆਗਾਮੀ ਤਿਓਹਾਰੀ ਸੀਜ਼ਨ ਦੌਰਾਨ ਭੀੜ-ਭੜੱਕੇ ਨੂੰ ਕੰਟਰੋਲ ਕੀਤਾ ਜਾ ਸਕੇ। ਸਰਕਾਰ ਨੇ ਕੋਵਿਡ-19 ਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ ਦੀ ਹਦਾਇਤ ਕਰਦਿਆਂ ਪੰਜ ਪਰਤੀ ਰਣਨੀਤੀ ਟੈਸਟ-ਟਰੈਕ-ਟਰੀਟ-ਟੀਕਾਕਰਨ ਤੇ ਕੋਵਿਡ-19 ਤੋਂ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਤੇ ਸਾਰਾ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿੱਤਾ ਹੈ।
ਭੱਲਾ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਹਦਾਇਤਾਂ ਜਾਰੀ ਕਰਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਵਿੱਚ ਉਨ੍ਹਾਂ ਕਿਹਾ, ‘‘ਕੁੱਲ ਮਿਲਾ ਕੇ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ’ਚ ਨਿਘਾਰ ਵੇਖਿਆ ਗਿਆ ਹੈ। ਹਾਲਾਂਕਿ ਕਰੋਨਾਵਾਇਰਸ ਦਾ ਨਵਾਂ ਸਰੂਪ ਓਮੀਕਰੋਨ, ਡੈਲਟਾ ਸਰੂਪ ਨਾਲੋਂ ਤਿੰਨ ਗੁਣਾ ਵੱਧ ਰਫ਼ਤਾਰ ਨਾਲ ਫੈਲਦਾ ਹੈ ਤੇ ਕੋਵਿਡ-19 ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਹ ਇਕ ਨਵੀਂ ਚੁਣੌਤੀ ਹੈ।’’
ਗ੍ਰਹਿ ਸਕੱਤਰ ਨੇ ਕਿਹਾ ਕਿ ਆਲਮੀ ਪੱਧਰ ’ਤੇ ਓਮੀਕਰੋਨ 116 ਮੁਲਕਾਂ ਵਿੱਚ ਦਸਤਕ ਦੇ ਚੁੱਕਾ ਹੈ ਤੇ ਭਾਰਤ ਵਿੱਚ ਹੁਣ ਤੱਕ 19 ਰਾਜਾਂ ਤੇ ਯੂਟੀਜ਼ ਤੋਂ 578 ਓਮੀਕਰੋਨ ਕੇਸ ਰਿਪੋਰਟ ਹੋਏ ਹਨ। ਭੱਲਾ ਨੇ ਕਿਹਾ ਕਿ ਸੂਬਾਈ ਐੱਨਫੋੋਰਸਮੈਂਟ ਮਸ਼ੀਨਰੀ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹੀ ਵੀ ਯਕੀਨੀ ਕੀਤਾ ਜਾਵੇ ਕਿ ਆਕਸੀਜਨ ਸਪਲਾਈ ਨਾਲ ਜੁੜਿਆ ਸਾਜ਼ੋ-ਸਾਮਾਨ ਤੇ ਹੋਰ ਯੰਤਰ ਮੁਕੰਮਲ ਰੂਪ ਵਿੱਚ ਕੰਮ ਕਰਦੇ ਹੋਣ ਤੇ ਜ਼ਰੂਰੀ ਦਵਾਈਆਂ ਦਾ ਬਫ਼ਰ ਸਟਾਕ ਮੌਜੂਦ ਹੋਵੇ। -ਪੀਟੀਆਈ
ਓਮੀਕਰੋਨ: ਇਕ ਦਿਨ ’ਚ ਸਭ ਤੋਂ ਵੱਧ ਕੇਸ
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਓਮੀਕਰੋਨ ਸਰੂਪ ਦੇ 156 ਸੱਜਰੇ ਕੇਸਾਂ, ਜੋ ਇਕ ਦਿਨ ਵਿੱਚ ਰਿਪੋਰਟ ਹੋਣ ਵਾਲਾ ਸਭ ਤੋਂ ਵੱਡਾ ਅੰਕੜਾ ਹੈ, ਨਾਲ ਦੇਸ਼ ਵਿੱਚ ਕੋਵਿਡ-19 ਦੇ ਇਸ ਨਵੇਂ ਸਰੁੂਪ ਨਾਲ ਸਬੰਧਤ ਕੇਸਾਂ ਦੀ ਗਿਣਤੀ ਵੱਧ ਕੇ 578 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 578 ਵਿਅਕਤੀਆਂ ’ਚੋਂ 151 ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਜਾਂ ਫਿਰ ਪਰਵਾਸ ਕਰ ਚੁੱਕੇ ਹਨ। ਇਹ 578 ਕੇਸ 19 ਰਾਜਾਂ ਤੇ ਯੂਟੀਜ਼ ਤੋਂ ਰਿਪੋਰਟ ਹੋਏ ਹਨ। 142 ਕੇਸਾਂ ਨਾਲ ਕੌਮੀ ਰਾਜਧਾਨੀ ਦਿੱਲੀ ਇਸ ਸੂਚੀ ਵਿੱਚ ਸਿਖਰ ’ਤੇ ਹੈ। ਮਹਾਰਾਸ਼ਟਰ ਤੋਂ 141, ਕੇਰਲਾ 57, ਗੁਜਰਾਤ 49, ਰਾਜਸਥਾਨ 43 ਅਤੇ ਤਿਲੰਗਾਨਾ ਤੋਂ 41 ਕੇਸ ਰਿਪੋਰਟ ਹੋਏ ਹਨ।
ਉਧਰ 6531 ਵਿਅਕਤੀਆਂ ਦੇ ਕਰੋਨਾਵਾਇਰਸ ਦੀ ਲਾਗ ਨਾਲ ਪਾਜ਼ੇਟਿਵ ਨਿਕਲਣ ਮਗਰੋਂ ਦੇਸ਼ ਵਿੱਚ ਕੋਵਿਡ-19 ਕੇਸਾਂ ਦਾ ਅੰਕੜਾ ਵਧ ਕੇ 3,47,93,333 ਨੂੰ ਪੁੱਜ ਗਿਆ ਹੈ ਜਦੋਂਕਿ ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 75,841 ਰਹਿ ਗਈ ਹੈ। ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 315 ਹੋਰ ਮੌਤਾਂ ਨਾਲ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 4,79,997 ਹੋ ਗਈ ਹੈ। ਕਰੋਨਾ ਤੋਂ ਸਿਹਤਯਾਬੀ ਦੀ ਕੌਮੀ ਦਰ 98.40 ਫੀਸਦ ਹੈ।