ਮੁੰਬਈ, 9 ਜੂਨ
ਸ਼ਿਵ ਸੈਨਾ ਨੇ ਅੱਜ ਕਿਹਾ ਕਿ ਉਸ ਨੇ ਸਿਆਸੀ ਰਿਸ਼ਤਿਆਂ ਦੇ ਬਾਵਜੂਦ ਹਮੇਸ਼ਾ ਨਿੱਜੀ ਸਬੰਧਾਂ ਨੂੰ ਵੱਧ ਤਰਜੀਹ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਲੰਘੇ ਦਿਨ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਸ਼ਿਵ ਸੈਨਾ ਨੇ ਕਿਹਾ ਕਿ ਠਾਕਰੇ-ਮੋਦੀ ਮੁਲਾਕਾਤ ਨਿੱਜੀ ਸਬੰਧਾਂ ਦੇ ਨਾਲ ਨਾਲ ਸ਼ਿਸ਼ਟਾਚਾਰ ਦਾ ਹਿੱਸਾ ਸੀ। ਉਂਜ ਇਸ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਅਕਤੂਬਰ 2019 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਮਗਰੋਂ ਐੱਨਡੀਏ ਦੇ ਸਭ ਤੋਂ ਪੁਰਾਣੇ ਭਾਈਵਾਲਾਂ ’ਚੋਂ ਇਕ ਸ਼ਿਵ ਸੈਨਾ ਦੇ ਭਾਜਪਾ ਨਾਲ ਰਿਸ਼ਤਿਆਂ ’ਚ ਵੱਡੀ ਦਰਾਰ ਪੈ ਗਈ ਸੀ। ਰਿਸ਼ਤਿਆਂ ’ਚ ਕਸ਼ੀਦਗੀ ਇਸ ਕਦਰ ਵਧ ਗਈ ਸੀ ਕਿ ਸ਼ਿਵ ਸੈਨਾ ਨੇ ਐੱਨਸੀਪੀ ਤੇ ਕਾਂਗਰਸ ਨਾਲ ਮਿਲ ਕੇ ਸੂਬੇ ਵਿੱਚ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਬਣਾ ਲਈ ਸੀ। ਸ਼ਿਵ ਸੈਨਾ ਨੇ ਮੰਗਲਵਾਰ ਨੂੰ ਹੋਈ ਉਪਰੋਕਤ ਮੀਟਿੰਗ ਬਾਰੇ ਆਪਣੇ ਰੋਜ਼ਨਾਮਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਸੀ। ਪਾਰਟੀ ਨੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਪਾਕਿਸਤਾਨੀ ਆਗੂ ਨਵਾਜ਼ ਸ਼ਰੀਫ਼ ਨੂੰ ਮਿਲਣ ਲਈ ਨਹੀਂ ਗਏ ਸਨ। ਸੰਪਾਦਕੀ ਵਿੱਚ ਅੱਗੇ ਲਿਖਿਆ, ‘‘ਮੁੱਖ ਮੰਤਰੀ ਸਿਆਸੀ ਮੰਤਵਾਂ ਲਈ ਦਿੱਲੀ ਨਹੀਂ ਗਏ ਸਨ। ਜਿਨ੍ਹਾਂ ਨੂੰ ਇਸ ਫੇਰੀ ਵਿੱਚ ਸਿਆਸਤ ਨਜ਼ਰ ਆਉਂਦੀ ਹੈ….ਆਓ ਉਨ੍ਹਾਂ ਨੂੰ ਇਸ ਸੋਚ ਨਾਲ ਖ਼ੁਸ਼ ਹੋਣ ਦੇਈਏ। ਇਸ ਮੀਟਿੰਗ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਅਸੀਂ ਸਿਰਫ਼ ਇੰਨੀ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਮਹਾਰਾਸ਼ਟਰ ਦੇ ਬਕਾਇਆ ਮੁੱਦਿਆਂ ਨੂੰ ਜਲਦੀ ਹੱਲ ਕਰੇਗੀ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਗਲਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਊਧਵ ਠਾਕਰੇ ਤੋਂ ਇਲਾਵਾ ਉਨ੍ਹਾਂ ਦੇ ਡਿਪਟੀ ਅਜੀਤ ਪਵਾਰ ਤੇ ਕਾਂਗਰਸ ਦੇ ਅਸ਼ੋਕ ਚਵਾਨ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਈ। ਡੇਢ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਾਲ ਵੱਖਰੇ ਰੂਪ ਵਿੱਚ ਵੀ ਮੁਲਾਕਾਤ ਕੀਤੀ। -ਪੀਟੀਆਈ