ਸ੍ਰੀਨਗਰ, 14 ਨਵੰਬਰ
ਕਸ਼ਮੀਰ ’ਚ ਬਹੁਤੀਆਂ ਥਾਵਾਂ ’ਤੇ ਰਾਤ ਦਾ ਪਾਰਾ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ ਜਿਸ ਕਾਰਨ ਸ੍ਰੀਨਗਰ ’ਚ ਇਸ ਮੌਸਮ ਦੌਰਾਨ ਪਹਿਲੀ ਵਾਰ ਤਾਪਮਾਨ ਜਮਾਅ ਬਿੰਦੂ ਤੋਂ ਘੱਟ ਦਰਜ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਦੇ ਕਈ ਇਲਾਕਿਆਂ ’ਚ ਐਤਵਾਰ ਨੂੰ ਸੰਘਣੀ ਧੁੰਦ ਪਈ। ਇਸ ਮੌਸਮ ’ਚ ਪਹਿਲੀ ਵਾਰ ਹੋਇਆ ਹੈ ਕਿ ਕਸ਼ਮੀਰ ਵਾਦੀ ’ਚ ਮੌਸਮ ਵਿਭਾਗ ਦੇ ਸਾਰੇ ਸਟੇਸ਼ਨਾਂ ’ਤੇ ਰਾਤ ਦਾ ਪਾਰਾ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ। ਸ੍ਰੀਨਗਰ ’ਚ ਬੀਤੀ ਰਾਤ ਪਾਰਾ ਮਨਫ਼ੀ 0.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜੋ ਇਸ ਤੋਂ ਪਹਿਲੀ ਰਾਤ ਨਾਲੋਂ 0.1 ਡਿਗਰੀ ਸੈਲਸੀਅਸ ਘੱਟ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਪਹਿਲਗਾਮ, ਜੋ ਸਾਲਾਨਾ ਅਮਰਨਾਥ ਯਾਤਰਾ ਦਾ ਬੇਸ ਕੈਂਪ ਹੈ, ’ਚ ਤਾਪਮਾਨ ਮਨਫ਼ੀ 3.5 ਡਿਗਰੀ ਸੈਲਸੀਅਸ ਰਿਹਾ। ਕਸ਼ਮੀਰ ’ਚ ਪਹਿਲਗਾਮ ਸਭ ਤੋਂ ਠੰਢਾ ਸਥਾਨ ਦਰਜ ਹੋਇਆ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਗੁਲਮਰਗ ਰਿਜ਼ੌਰਟ ’ਚ ਘੱਟੋ ਘਟ ਪਾਰਾ ਮਨਫ਼ੀ 1.8 ਡਿਗਰੀ ਰਿਕਾਰਡ ਕੀਤਾ ਗਿਆ। ਕਸ਼ਮੀਰ ’ਚ ਕਹਿਰਾਂ ਦੀ ਠੰਢ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ ਹੈ ਜਦਕਿ ਪਹਿਲਾਂ ਇਹ ਦਸੰਬਰ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੁੰਦੀ ਸੀ। ਉਂਜ ਕਸ਼ਮੀਰ ’ਚ ‘ਚਿਲੇ ਕਲਾਂ’ ਵਾਲੇ ਠੰਢ ਦੇ 40 ਦਿਨਾਂ ਦਾ ਸਮਾਂ ਹਰ ਸਾਲ 21 ਦਸੰਬਰ ਤੋਂ ਸ਼ੁਰੂ ਹੁੰਦਾ ਹੈ। ਮੌਸਮ ਵਿਭਾਗ ਨੇ 20 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਇਕ-ਦੋ ਥਾਵਾਂ ’ਤੇ ਅਗਲੇ 24 ਘੰਟਿਆਂ ’ਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। -ਪੀਟੀਆਈ