ਨਵੀਂ ਦਿੱਲੀ: ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਨਵਾਂ ਟੈਲੀਕਾਮ ਬਿੱਲ, ਜਿਹੜਾ 137 ਸਾਲ ਪੁਰਾਣੇ ਇੰਡੀਅਨ ਟੈਲੀਗ੍ਰਾਫ਼ ਐਕਟ ਦੀ ਥਾਂ ਲਵੇਗਾ, 6 ਤੋਂ 10 ਮਹੀਨਿਆਂ ਦੇ ਅੰਦਰ ਲਿਆਂਦਾ ਜਾ ਸਕਦਾ ਹੈ ਪਰ ਸਰਕਾਰ ਕਿਸੇ ਕਾਹਲੀ ਵਿੱਚ ਨਹੀਂ ਹੈ। ਇਹ ਬਿੱਲ ਇੰਡੀਅਨ ਟੈਲੀਗ੍ਰਾਫੀ ਐਕਟ 1933 ਅਤੇ ਟੈਲੀਗ੍ਰਾਫ਼ ਵਾਇਰਜ਼ (ਗ਼ੈਰਕਾਨੂੰਨੀ ਕਬਜ਼ਾ) ਐਕਟ 1950 ਦੀ ਜਗ੍ਹਾ ਵੀ ਲਵੇਗਾ। ਅੰਤਿਮ ਰੂਪ ਵਿੱਚ ਬਿੱਲ ਨੂੰ ਲਾਗੂ ਕਰਨ ਦੀ ਸਮਾਂ ਹੱਦ ਬਾਰੇ ਸਵਾਲ ਦੇ ਜਵਾਬ ਵਿੱਚ ਵੈਸ਼ਨਵ ਨੇ ਕਿਹਾ, ‘‘ਸਲਾਹ ਮਸ਼ਵਰੇ ਦੀ ਪ੍ਰਕਿਰਿਆ ਮਗਰੋਂ ਆਖਰੀ ਖਰੜਾ ਤਿਆਰ ਕਰਾਂਗੇ ਜੋ ਸਬੰਧਤ ਸੰਸਦੀ ਕਮੇਟੀ ਸਾਹਮਣੇ ਰੱਖਿਆ ਜਾਵੇਗਾ ਅਤੇ ਫਿਰ ਸੰਸਦ ਵਿੱਚ ਲਿਆਂਦਾ ਜਾਵੇਗਾ। ਮੇਰੇ ਖਿਆਲ ਵਿੱਚ 6 ਤੋਂ 10 ਮਹੀਨੇ ਦਾ ਸਮਾਂ ਲੱਗੇਗਾ ਪਰ ਅਸੀਂ ਕਿਸੇ ਕਾਹਲੀ ਵਿੱਚ ਨਹੀਂ ਹਾਂ।’’ ਜੇਕਰ ਬਿੱਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕਾਲਿੰਗ ਅਤੇ ਮੈਸੇਜ ਸੇਵਾਵਾਂ ਦੇਣ ਵਾਲੇ ਵਟਸਐਪ, ਜ਼ੂਮ ਅਤੇ ਗੂਗਲ ਡਿਓ ਆਦਿ ਸ਼ਾਮਲ ਹਨ, ਨੂੰ ਦੇਸ਼ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੈਂਸ ਦੀ ਲੋੜ ਪੈ ਸਕਦੀ ਹੈ। -ਪੀਟੀਆਈ