ਮੁੰਬਈ: ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅੱਜ ਇੱਥੇ ਪਹੁੰਚਣ ਮਗਰੋਂ ਅਪਰਾਧ ਸ਼ਾਖਾ (ਕ੍ਰਾਈਮ ਬਰਾਂਚ) ਅੱਗੇ ਪੇਸ਼ ਹੋਏ ਹਨ। ਮੁੰਬਈ ਦੀ ਇੱਕ ਅਦਾਲਤ ਵੱਲੋਂ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਦਿਆਂ ਜਾਂਚ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਪਰਮਬੀਰ ਸਿੰਘ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਹਨ। ਉਨ੍ਹਾਂ ਦੱਸਿਆ, ‘‘ਉਹ ਇੱਕ ਨਿਰਦੇਸ਼ ਮੁਤਾਬਕ ਜਾਂਚ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਹਨ ਅਤੇ ਜਾਂਚ ਵਿੱਚ ਸਹਿਯੋਗ ਦੇਣਗੇ।’’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸਿੰਘ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਹੋਈ ਹੈ। ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ, ਜਿਹੜੇ ਕਿ ਜਬਰੀ ਵਸੂਲੀ ਦੇ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਹਨ, ਨੇ ਇੱਥੇ ਪਹੁੰਚਦਿਆਂ ਹੀ ਪੱਤਰਕਾਰਾਂ ਨੂੰ ਕਿਹਾ ਸੀ, ‘‘ਮੈਂ ਅਦਾਲਤ ਦੇ ਨਿਰਦੇਸ਼ ਮੁਤਾਬਕ ਜਾਂਚ ਵਿੱਚ ਸ਼ਾਮਲ ਹੋਵਾਗਾਂ।’’ ਅਧਿਕਾਰੀ ਮੁਤਾਬਕ ਹਵਾਈ ਅੱਡੇ ਤੋਂ ਨਿਕਲਣ ਮਗਰੋਂ ਪਰਮਬੀਰ ਸਿੰਘ ਮੁੰਬਈ ਪੁਲੀਸ ਦੇ ਅਪਰਾਧ ਸ਼ਾਖਾ ਯੂਨਿਟ-11 ਸਾਹਮਣੇ ਪੇਸ਼ ਹੋਏ, ਜਿੱਥੇ ਗੋਰੇਗਾਉਂ ਥਾਣੇ ਵਿੱਚ ਦਰਜ ਜਬਰ ਵਸੂਲੀ ਦੇ ਕੇਸ ਸਬੰਧੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।’’ ਪਰਮਬੀਰ ਸਿੰਘ ਨੇ ਬੁੱਧਵਾਰ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸੀ ਉਹ ਚੰਡੀਗੜ੍ਹ ਵਿੱਚ ਸਨ।
ਜ਼ਿਕਰਯੋਗ ਹੈ ਕਿ ਮੁੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋੋਂ ਤਬਦੀਲ ਕੀਤੇ ਜਾਣ ਮਗਰੋਂ ਉਹ ਆਖਰੀ ਵਾਰ ਚਾਰ ਮਈ ਨੂੰ ਆਪਣੇ ਦਫ਼ਤਰ ਆਏ ਸਨ। ਉਨ੍ਹਾਂ ਨੇ ਮਹਾਰਾਸ਼ਟਰ ਤਤਕਾਲੀ ਗ੍ਰਹਿ ਮੰਤਰੀ ’ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ‘ਅੰਟੀਲੀਆ’ ਅੱਗੋਂ ਧਮਾਕਾਖੇਜ਼ ਸਮੱਗਰੀ ਵਾਲੀ ਗੱਡੀ ਮਿਲਣ ਮਗਰੋਂ ਦਰਜ ਮਾਮਲੇ ਵਿੱਚ ਮੁੰਬਈ ਪੁਲੀਸ ਦੇ ਅਧਿਕਾਰੀ ਸਚਿਨ ਵਾਜ਼ੇ ਦੀ ਗ੍ਰਿਫ਼ਤਾਰੀ ਅਤੇ ਇਸ ਸਬੰਧੀ ਕਾਰੋਬਾਰੀ ਮਨਸੁਖ ਹੀਰੇਨ ਦੀ ਮੌਤ ਤੋਂ ਬਾਅਦ ਪਰਮਬੀਰ ਸਿੰਘ ਨੂੰ ਮਾਰਚ 2021 ਵਿੱਚ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। -ਪੀਟੀਆਈ
ਭਗੌੜਾ ਐਲਾਨੇ ਜਾਣ ਮਗਰੋਂ ਆਖਰ ਪਰਮਬੀਰ ਸਾਹਮਣੇ ਆਏ: ਐੱਨਸੀਪੀ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਪਰਮਬੀਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਕਿ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਮਗਰੋਂ ਆਖਿਰਕਾਰ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਸਾਹਮਣੇ ਆ ਹੀ ਗਏ। ਮਲਿਕ ਨੇ ਕਿਹਾ, ‘‘ਸਿੰਘ ਦੇ ਅੱਜ ਮੁੰਬਈ ਆਉਣ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਭਗੌੜਾ ਐਲਾਨਿਆ ਜਾਣਾ ਜ਼ਰੂਰੀ ਸੀ.. ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਬਦਲੀ ਮਗਰੋਂ ਉਹ ਡਿਊਟੀ ’ਤੇ ਨਹੀਂ ਆਏ। ਸਿੰਘ ਗ੍ਰਿਫ਼ਤਾਰੀ ਤੋਂ ਰਾਹਤ ਲਈ ਸੁਪਰੀਮ ਕੋਰਟ ਗਏ। ਸਰਬਉੱਚ ਅਦਾਲਤ ਵਿੱਚ ਉਨ੍ਹਾਂ ਦੀ ਇਸ ਦਲੀਲ ’ਤੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।’’ ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਸਿੰਘ ਨੇ ਐੱਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਖ਼ਿਲਾਫ਼ ਗਲਤ ਦੋਸ਼ ਲਾਏ, ਜੋ ‘ਰਾਜਨੀਤੀ ਤੋਂ ਪ੍ਰੇਰਿਤ’ ਸਨ। ਮਲਿਕ ਨੇ ਕਿਹਾ ਕਿ ਦੇਸ਼ਮੁੱਖ ਅਦਾਲਤ ਵਿੱਚ ਆਪਣੀ ਲੜਾਈ ਲੜਨਗੇ ਅਤੇ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨਗੇ। -ਪੀਟੀਆਈ