ਨਵੀਂ ਦਿੱਲੀ, 9 ਮਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਵੈਜੰਤੀਮਾਲਾ ਬਾਲੀ, ਤੇਲਗੂ ਅਦਾਕਾਰ ਕੋਨੀਡੇਲਾ ਚਿਰੰਜੀਵੀ, ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ (ਮਰਹੂਮ) ਐਮ ਫਾਤਿਮਾ ਬੀਵੀ ਤੇ ‘ਬੌਂਬੇ ਸਮਾਚਾਰ’ ਦੇ ਮਾਲਕ ਐੱਚਐੱਨ ਕਾਮਾ ਸਮੇਤ ਕਈ ਹੋਰ ਅਹਿਮ ਹਸਤੀਆਂ ਨੂੰ ਅੱਜ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਭਵਨ ’ਚ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਆਗੂ ਓ ਰਾਜਗੋਪਾਲ, ਲੱਦਾਖ ਦੇ ਮਰਹੂਮ ਧਾਰਮਿਕ ਆਗੂ ਤੋਗਦਾਨ ਰਿਨਪੋਚੇ ਤੇ ਤਾਮਿਲ ਅਦਾਕਾਰ ਮਰਹੂਮ ‘ਕੈਪਟਨ’ ਵਿਜੈਕਾਂਤ (ਦੋਵਾਂ ਨੂੰ ਮਰਨ ਉਪਰੰਤ), ਗੁਜਰਾਤੀ ਸਮਾਚਾਰ ਪੱਤਰ ‘ਜਨਮ ਭੂਮੀ’ ਦੇ ਸਮੂਹ ਸੰਪਾਦਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਕੁੰਦਨ ਵਿਆਸ ਨੂੰ ਵੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਵੈਜੰਤੀਮਾਲਾ (90) ਤੇ ਚਿਰੰਜੀਵੀ (68) ਨੂੰ ਪਦਮ ਵਿਭੂਸ਼ਨ ਨਾਲ ਜਦਕਿ ਬੀਵੀ, ਕਾਮਾ, ਰਾਜਗੋਪਾਲ, ਵਿਜੈਕਾਂਤ, ਰਿਨਪੋਚੇ ਤੇ ਵਿਆਸ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਬੀਵੀ, ਵਿਜੈਕਾਂਤ ਤੇ ਰਿਨਪੋਚੇ ਦੇ ਪਰਿਵਾਰਕ ਮੈਂਬਰਾਂ ਨੇ ਸਨਮਾਨ ਹਾਸਲ ਕੀਤੇ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਦੀਆਂ ਬਿਹਤਰੀਨ ਅਭਿਨੇਤਰੀਆਂ ’ਚੋਂ ਇੱਕ ਮੰਨੀ ਜਾਣ ਵਾਲੀ ਵੈਜੰਤੀਮਾਲਾ ਨੇ 1950 ਤੇ 1960 ਦੇ ਦਹਾਕੇ ’ਚ ਫਿਲਮਾਂ ’ਚ ਕੰਮ ਕੀਤਾ। ਉਨ੍ਹਾਂ ‘ਦੇਵਦਾਸ’, ‘ਨਯਾ ਦੌਰ’, ‘ਆਸ਼ਾ’, ‘ਗੰਗਾ ਜਮਨਾ’, ‘ਸੰਗਮ’ ਸਣੇ ਕਈ ਮਸ਼ਹੂਰ ਫਿਲਮਾਂ ’ਚ ਕੰਮ ਕੀਤਾ। 1970 ’ਚ ਆਈ ‘ਗੰਵਾਰ’ ਵੈਜੰਤੀਮਾਲਾ ਦੀ ਆਖਰੀ ਫਿਲਮ ਸੀ। ਦੱਖਣੀ ਸੁਪਰ ਸਟਾਰਾਂ ’ਚੋਂ ਇੱਕ ਚਿਰੰਜੀਵੀ ਤੇਲਗੂ ਦੇ ਨਾਲ ਨਾਲ ਹਿੰਦੀ, ਤਾਮਿਲ ਅਤੇ ਕੰਨੜ ਵਿੱਚ 150 ਤੋਂ ਵੱਧ ਫਿਲਮਾਂ ’ਚ ਕੰਮ ਕਰ ਚੁੱਕੇ ਹਨ। -ਪੀਟੀਆਈ