ਕੋਹਿਮਾ, 3 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਨਾਗਾਲੈਂਡ ਦੇ ਕੋਹਿਮਾ ਜ਼ਿਲ੍ਹੇ ਦੇ ਅੰਗਾਮੀ ਨਾਗਾ ਭਾਈਚਾਰੇ ਦੇ ਰਵਾਇਤੀ ਪਿੰਡ ਕਿਗਵੇਮਾ ਦਾ ਦੌਰਾ ਕੀਤਾ ਅਤੇ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਕੋਹਿਮਾ ਜੰਗੀ ਕਬਰਿਸਤਾਨ ਵੀ ਗਏ। ਕਿਗਵੇਮਾ ਵਿਲੇਜ ਕੌਂਸਲ (ਕੇਵੀਸੀ) ਨੇ ਰਾਸ਼ਟਰਪਤੀ ਦਾ ਰਵਾਇਤੀ ਤੋਹਫ਼ਿਆਂ ਨਾਲ ਸਨਮਾਨ ਕੀਤਾ। ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੇ ਲੋਕ ਗੀਤ, ਜੈਵਿਕ ਉਤਪਾਦ ਤੋਂ ਇਲਾਵਾ ਸ਼ਾਲ ਬੁਣਨ, ਧਾਗਾ ਬਣਾਉਣ ਦੀ ਰਵਾਇਤੀ ਪ੍ਰਕਿਰਿਆ ਪ੍ਰਦਰਸ਼ਿਤ ਕੀਤੀ।
ਮੁੱਖ ਮੰਤਰੀ ਨੇਫੀਯੂ ਰੀਓ ਨੇ ਦੱਸਿਆ ਕਿ ਕਿਗਵੇਮਾ ਵੱਡਾ ਪਿੰਡ ਹੈ ਤੇ ਇਸ ਦਾ ਇਤਿਹਾਸਕ ਪਿਛੋਕੜ ਹੈ ਕਿਉਂਕਿ ਦੂਜੀ ਸੰਸਾਰ ਜੰਗ ਦੌਰਾਨ ਜਪਾਨੀ ਫੌਜ ਇਥੇ ਰੁਕੀ ਸੀ ਤੇ ਉਸ ਨੇ ਕੋਹਿਮਾ ਜੰਗ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਅਸਾਮ ਅਤੇ ਨਾਗਾਲੈਂਡ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਮੁੱਖ ਮੰਤਰੀ ਨੇਫੀਯੂ ਰੀਓ, ਯੋਜਨਾ ਅਤੇ ਤਾਲਮੇਲ, ਭੂਮੀ ਮਾਲੀਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਨੀਬਾ ਕ੍ਰੋਨੂ ਅਤੇ ਸਥਾਨਕ ਵਿਧਾਇਕ ਤੇ ਤਕਨੀਕੀ ਸਿੱਖਿਆ ਸਲਾਹਕਾਰ ਮੇਡੋ ਯੋਖਾ ਰਾਸ਼ਟਰਪਤੀ ਤੇ ਉਨ੍ਹਾਂ ਦੀ ਧੀ ਇਤਿਸ਼ਰੀ ਮੁਰਮੂ ਦੇ ਨਾਲ ਸਨ। ਦੌਰੇ ਬਾਅਦ ਰਾਸ਼ਟਰਪਤੀ ਮਿਜ਼ੋਰਮ ਚਲੇ ਗਏ। -ਪੀਟੀਆਈ