ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਦੇਸ਼ ਦੀ ਆਸ਼ਾਜਨਕ ਤਸਵੀਰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਲਈ ਸਰਕਾਰ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਭਾਸ਼ਣ ਦੇਸ਼ ਨੂੰ ਦਰਪੇਸ਼ ਵਧਦੀ ਮਹਿੰਗਾਈ ਤੇ ਸਰਹੱਦੀ ਤਣਾਅ ਜਿਹੀਆਂ ਚੁਣੌਤੀਆਂ ਨੂੰ ਦਰਸਾਉਣ ਵਿੱਚ ਨਾਕਾਮ ਰਿਹਾ ਹੈ। ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ’ਚ ਹਿੱਸਾ ਲੈਂਦਿਆਂ ਸ਼ਰਮਾ ਨੇ ਕਿਹਾ ਸਰਕਾਰ ਕੁਝ ਵਰਗਾਂ ਵੱਲੋਂ ਕੀਤੀਆਂ ਕਥਿਤ ਨਫ਼ਰਤੀ ਤਕਰੀਰਾਂ ਦਾ ਨੋਟਿਸ ਲਏ ਕਿਉਂਕਿ ਅਜਿਹੇ ਬਿਆਨ ਸਮਾਜਿਕ ਇਕਸੁਰਤਾ ’ਚ ਵਿਗਾੜ ਪੈਦਾ ਕਰਨ ਦ ਨਾਲ ਆਲਮੀ ਪੱਧਰ ’ਤੇ ਭਾਰਤ ਦੀ ਦਿੱਖ ਨੂੰ ਢਾਹ ਲਾਉਂਦੇ ਹਨ। ਉਨ੍ਹਾਂ ਰਾਸ਼ਟਰਪਤੀ ਦੇ ਭਾਸ਼ਣ ਨੂੰ ‘ਨਿਰਾਸ਼ਾਜਨਕ’ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਨੂੰ ਦਰਪੇਸ਼ ‘ਜ਼ਮੀਨੀ ਹਕੀਕਤਾਂ ਤੇ ਚੁਣੌਤੀਆਂ’ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਰਾਸ਼ਟਰਪਤੀ ਦਾ ਭਾਸ਼ਣ ਲਿਖਿਆ ਹੈ ਉਸ ਨੇ ਰਾਸ਼ਟਰਪਤੀ ਨਾਲ ਅਨਿਆਂ ਕੀਤਾ ਹੈ। ਸ਼ਰਮਾ ਦੀ ਇਹ ਤਕਰੀਰ ਉਪਰਲੇ ਸਦਨ ਵਿੱਚ ਉਨ੍ਹਾਂ ਦਾ ਆਖਰੀ ਭਾਸ਼ਣ ਹੋ ਸਕਦਾ ਹੈ ਕਿਉਂਕਿ ਸ਼ਰਮਾ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 2 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ। -ਪੀਟੀਆਈ