ਨਵੀਂ ਦਿੱਲੀ, 27 ਜੂਨ
ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। 18 ਜੁਲਾਈ ਨੂੰ ਹੋਣ ਵਾਲੀ ਇਸ ਚੋਣ ਲਈ ਐੱਨਡੀਏ ਵੱਲੋਂ ਦਰੋਪਦੀ ਮੁਰਮੂ ਉਮੀਦਵਾਰ ਹਨ। ਸ੍ਰੀ ਸਿਨਹਾ ਦੇ ਹਮਾਇਤੀ ਨੇ ਇਸ ਚੋਣ ਨੂੰ ‘ਵਿਚਾਰਧਾਰਾਵਾਂ ਦੀ ਜੰਗ’ ਕਰਾਰ ਦਿੱਤਾ ਹੈ।
84 ਸਾਲ ਸਿਨਹਾ ਵੱਲੋਂ ਕਾਗਜ਼ ਦਾਖਲ ਕਰਵਾਏ ਜਾਣ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨੀਲਿਮਾ ਤੋਂ ਇਲਾਵਾ ਰਾਹੁਲ ਗਾਂਧੀ, ਸ਼ਰਦ ਪਵਾਰ, ਅਖਿਲੇਸ਼ ਯਾਦਵ, ਫਾਰੂਕ ਅਬਦੁੱਲ੍ਹਾ ਤੇ ਕੇਟੀ ਰਾਮਾ ਰਾਓ ਸਮੇਤ 15 ਵਿਰੋਧੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਸ੍ਰੀ ਸਿਨਹਾ ਵੱਲੋਂ ਰਾਜ ਸਭਾ ਦੇ ਸਕੱਤਰ ਜਨਰਲ ਤੇ ਰਾਸ਼ਟਰਪਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਪੀਸੀ ਮੋਦੀ ਨੂੰ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਜਮ੍ਹਾਂ ਕਰਵਾਏ ਗਏ। ਪਹਿਲੇ ਸੈੱਟ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤਜਵੀਜ਼ਕਰਤਾ ਹਨ ਜਦਕਿ ਦੂਜੇ ਸੈੱਟ ’ਚ ਟੀਐੱਮਸੀ ਦੇ ਆਗੂ ਸੁਦੀਪ ਬੰਦੋਪਾਧਿਆਏ ਤਜਵੀਜ਼ਕਰਤਾ ਹਨ। ਬਾਕੀ ਦੋ ਸੈੱਟਾਂ ’ਚ ਡੀਐੱਮਕੇ ਸੁਪਰੀਮੋ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤਜਵੀਜ਼ਕਰਤਾ ਹਨ। ਇਸੇ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸ੍ਰੀ ਸਿਨਹਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਰਾਓ ਦੇ ਪੁੱਤਰ ਤੇ ਸੀਨੀਅਰ ਮੰਤਰੀ ਕੇਟੀ ਰਾਮਾ ਰਾਓ ਦੀ ਅਗਵਾਈ ਹੇਠ ਪਾਰਟੀ ਆਗੂਆਂ ਦਾ ਵਫ਼ਦ ਸੰਸਦ ’ਚ ਸ੍ਰੀ ਸਿਨਹਾ ਨਾਲ ਗਿਆ। ਇਸ ਮੌਕੇ ਝਾਰਖੰਡ ਮੁਕਤੀ ਮੋਰਚਾ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। ਮਹਾਰਾਸ਼ਟਰ ਦੇ ਸਿਆਸੀ ਸੰਕਟ ਕਾਰਨ ਸ਼ਿਵ ਸੈਨਾ ਦਾ ਕੋਈ ਆਗੂ ਵੀ ਇਸ ਮੌਕੇ ਹਾਜ਼ਰ ਨਹੀਂ ਹੋ ਸਕਿਆ। ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮਗਰੋਂ ਸ੍ਰੀ ਸਿਨਹਾ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਦੇ ਗਲਿਆਰੇ ਵਿੱਚ ਮਹਾਤਮਾ ਗਾਂਧੀ ਤੇ ਬੀਆਰ ਅੰਬੇਡਕਰ ਦੇ ਬੁੱਤਾਂ ’ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਯਸ਼ਵੰਤ ਸਿਨਹਾ ਲਈ ਚੋਣ ਪ੍ਰਚਾਰ ਵਾਸਤੇ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰਾਂ ਵਿੱਚ ਕਾਂਗਰਸ ਤੋਂ ਜੈਰਾਮ ਰਮੇਸ਼, ਡੀਐੱਮਕੇ ਤੋਂ ਤਿਰੁਚੀ ਸ਼ਿਵਾ, ਟੀਐੱਮਸੀ ਤੋਂ ਸੁਖੇਂਦੂ ਸ਼ੇਖਰ ਰੌਇ, ਸੀਪੀਆਈ (ਐੱਮ) ਤੋਂ ਸੀਤਾਰਾਮ ਯੇਚੁਰੀ, ਸਮਾਜਵਾਦੀ ਪਾਰਟੀ ਤੋਂ ਰਾਮ ਗੋਪਾਲ ਯਾਦਵ, ਐੱਨਸੀਪੀ ਤੋਂ ਪ੍ਰਫੁਲ ਪਟੇਲ, ਟੀਆਰਐੱਸ ਤੋਂ ਰਣਜੀਤ ਰੈੱਡੀ, ਆਰਜੇਡੀ ਤੋਂ ਮਨੋਜ ਝਾਅ, ਸੀਪੀਆਈ ਤੋਂ ਡੀ ਰਾਜਾ, ਇਸ ਸ਼ਿਵ ਸੈਨਾ ਦਾ ਮੈਂਬਰ ਤੇ ਸਿਵਲ ਸੁਸਾਇਟੀ ਮੈਂਬਰ ਸੁਧੀਂਦਰ ਕੁਲਕਰਨੀ ਸ਼ਾਮਲ ਹਨ। ਸ੍ਰੀ ਸਿਨਹਾ ਭਲਕ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ। -ਪੀਟੀਆਈ
ਇਹ ਚੋਣ ਦੋ ਵਿਚਾਰਧਾਰਾਵਾਂ ਦੀ ਜੰਗ: ਵਿਰੋਧੀ ਧਿਰ
ਨਵੀਂ ਦਿੱਲੀ: ਯਸ਼ਵੰਤ ਸਿਨਹਾ ਵੱਲੋਂ ਕਾਗਜ਼ ਦਾਖਲ ਕੀਤੇ ਜਾਣ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਯਸ਼ਵੰਤ ਸਿਨਹਾ ਦੀ ਹਮਾਇਤ ’ਚ ਇਕਜੁੱਟ ਹਨ। ਸ੍ਰੀ ਗਾਂਧੀ ਨੇ ਕਿਹਾ, ‘ਯਕੀਨੀ ਤੌਰ ’ਤੇ ਅਸੀਂ ਕਿਸੇ ਇੱਕ ਵਿਅਕਤੀ ਦੀ ਹਮਾਇਤ ਕਰ ਰਹੇ ਹਾਂ ਪਰ ਅਸਲ ਜੰਗ ਦੋ ਵਿਚਾਰਧਾਰਾਵਾਂ ਵਿਚਾਲੇ ਹੈ। ਇੱਕ ਵਿਚਾਰਧਾਰਾ ਆਰਐੱਸਐੱਸ ਦੀ ਹੈ, ਜੋ ਗੁੱਸੇ ਤੇ ਨਫ਼ਰਤ ਦੀ ਹੈ ਅਤੇ ਦੂਜੇ ਪਾਸੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਭਾਈਚਾਰੇ ਦੀ ਵਿਚਾਰਧਾਰਾ ਹੈ।’ ਤ੍ਰਿਣਾਮੂਲ ਕਾਂਗਰਸ ਆਗੂ ਸੌਗਾਤਾ ਰੌਇ ਨੇ ਕਿਹਾ, ‘ਇਹ ਦੋ ਵਿਅਕਤੀਆਂ ਵਿਚਾਲੇ ਮੁਕਾਬਲਾ ਨਹੀਂ ਹੈ ਬਲਕਿ ਇਹ ਵਿਚਾਰਧਾਰਾ ਦੀ ਲੜਾਈ ਹੈ।’ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, ‘ ਅਸੀਂ ਦਰੋਪਦੀ ਮੁਰਮੂ ਜੀ ਦੀ ਇੱਜ਼ਤ ਕਰਦੇ ਹਾਂ ਪਰ ਇਹ ਵਿਚਾਰਧਾਰਾ ਦੀ ਲੜਾਈ ਹੈ।’ -ਪੀਟੀਆਈ
ਭਾਜਪਾ ਦੇ ਪੁਰਾਣੇ ਸਾਥੀਆਂ ਨਾਲ ਸੰਪਰਕ ਕਰਾਂਗਾ: ਯਸ਼ਵੰਤ
ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਚੋਣਾਂ ’ਚ ਹਮਾਇਤ ਲਈ ਭਾਜਪਾ ਵਿਚਲੇ ਆਪਣੇ ਪੁਰਾਣੇ ਸਹਿਯੋਗੀਆਂ ਨਾਲ ਸੰਪਰਕ ਕਰਨਗੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ ਪ੍ਰਤੀਕਾਤਮਕ ਰਾਜਨੀਤੀ ਦਾ ਹਿੱਸਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਪੱਛੜੇ ਭਾਈਚਾਰਿਆਂ ਦੀ ਭਲਾਈ ਦੇ ਸੰਦਰਭ ਵਿੱਚ ਮੋਦੀ ਸਰਕਾਰ ਦੇ ਟਰੈਕ ਰਿਕਾਰਡ ’ਤੇ ਚੋਣ ਲੜਨਗੇ। ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਭਾਜਪਾ ’ਚ ਅੰਦਰੂਨੀ ਲੋਕਤੰਤਰ ਦੀ ਘਾਟ ਹੈ। ਉਨ੍ਹਾਂ ਕਿਹਾ, ‘ਮੈਂ ਜਿਸ ਭਾਜਪਾ ਦਾ ਹਿੱਸਾ ਸੀ ਉਸ ਵਿੱਚ ਅੰਦਰੂਨੀ ਲੋਕਤੰਤਰ ਸੀ। ਮੌਜੂਦਾ ਭਾਜਪਾ ’ਚ ਅੰਦਰੂਨੀ ਲੋਕਤੰਤਰ ਦੀ ਘਾਟ ਹੈ।’