ਨਵੀਂ ਦਿੱਲੀ, 15 ਜੂਨ
ਮੁੱਖ ਅੰਸ਼
- ਐੱਨਸੀਪੀ ਮੁਖੀ ਨੇ ਵਿਰੋਧੀ ਧਿਰਾਂ ਦੀ ਪੇਸ਼ਕਸ਼ ਮੁੜ ਠੁਕਰਾਈ
- ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਸੰਭਾਵੀ ਉਮੀਦਵਾਰਾਂ ਵਜੋਂ ਗੋਪਾਲਕ੍ਰਿਸ਼ਨ ਗਾਂਧੀ ਤੇ ਫ਼ਾਰੂਕ ਅਬਦੁੱਲਾ ਦੇ ਨਾਂ ਸੁਝਾਏ
- ਸ਼ਰਦ ਪਵਾਰ ਦੀ ਅਗਵਾਈ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਮੁੜ ਸੱਦੀ
- ਅਕਾਲੀ ਦਲ, ‘ਆਪ’, ਟੀਆਰਐੈੱਸ ਤੇ ਬੀਜੂ ਜਨਤਾ ਦਲ ਰਹੇ ਗ਼ੈਰਹਾਜ਼ਰ; 17 ਪਾਰਟੀਆਂ ਹੋਈਆਂ ਸ਼ਾਮਲ
ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਐੱਨਡੀਏ ਦੇ ਟਾਕਰੇ ਲਈ ਸਾਂਝਾ ਉਮੀਦਵਾਰ ਉਤਾਰਨ ਲਈ ਸ਼ੁਰੂ ਕੀਤੀ ਪੇਸ਼ਬੰਦੀ ਦਰਮਿਆਨ ਸੱਤਾਧਾਰੀ ਭਾਜਪਾ ਨੇ ਸਿਖਰਲੇ ਸੰਵਿਧਾਨਕ ਅਹੁਦੇ ਬਾਰੇ ਉਮੀਦਵਾਰ ਦੀ ਚੋਣ ਲਈ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਸ਼ਰਦ ਪਵਾਰ, ਮਲਿਕਾਰਜੁਨ ਖੜਗੇ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਤੇ ਨਵੀਨ ਪਟਨਾਇਕ ਜਿਹੇ ਆਗੂਆਂ ਨਾਲ ਰਾਬਤਾ ਕੀਤਾ ਹੈ। ਸੀਨੀਅਰ ਭਾਜਪਾ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਨ੍ਹਾਂ ਤੋਂ ਇਲਾਵਾ ਜੇਡੀਯੂ ਆਗੂ ਨਿਤੀਸ਼ ਕੁਮਾਰ, ਬੀਐੱਸਪੀ ਸੁਪਰੀਮੋ ਮਾਇਆਵਤੀ ਤੇ ਵਾਈਐੱਸਆਰ ਕਾਂਗਰਸ ਆਗੂ ਜਗਨ ਰੈੱਡੀ ਨਾਲ ਵੀ ਇਸ ਮੁੱਦੇ ’ਤੇ ਗੱਲਬਾਤ ਕੀਤੀ। ਸਿੰਘ ਨੇ ਫੋਨ ਕਰਕੇ ਇਨ੍ਹਾਂ ਆਗੂਆਂ ਤੋਂ ਅਗਲੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤਰਜੀਹ ਬਾਰੇ ਪੁੱਛਿਆ। ਇਸ ਦੌਰਾਨ ਵਿਰੋਧੀ ਧਿਰ ਨੇ ਮੁੰਬਈ ਵਿੱਚ 20-21 ਜੂਨ ਨੂੰ ਮੁੜ ਮੀਟਿੰਗ ਸੱਦ ਲਈ ਹੈ, ਜਿਸ ਦੀ ਅਗਵਾਈ ਸ਼ਰਦ ਪਵਾਰ ਕਰਨਗੇ। ਇਤਫ਼ਾਕਵੱਸ ਖੜਗੇ, ਬੈਨਰਜੀ, ਪਵਾਰ ਤੇ ਯਾਦਵ ਵਿਰੋਧੀ ਧਿਰ ਵੱਲੋਂ ਦਿੱਲੀ ਵਿੱਚ ਸੱਦੀ ਉਸ ਮੀਟਿੰਗ ਵਿੱਚ ਵੀ ਸ਼ਾਮਲ ਸਨ, ਜਿਸ ਵਿੱਚ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਸਾਂਝੇ ਉਮੀਦਵਾਰ ਵਜੋਂ ਸਹਿਮਤੀ ਬਣਾਈ ਜਾਣੀ ਸੀ। ਮੀਟਿੰਗ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਨਾਮ ਬਾਰੇ ਭਾਵੇਂ ਸਹਿਮਤੀ ਬਣੀ, ਪਰ ਉਨ੍ਹਾਂ ਇਸ ਪੇਸ਼ਕਸ਼ ਤੋਂ ਮੁੜ ਨਾਂਹ ਕਰ ਦਿੱਤੀ।
ਭਾਜਪਾ ਨੇ ਰਾਸ਼ਟਰਪਤੀ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਬਾਰੇ ਹੋਰਨਾਂ ਪਾਰਟੀਆਂ ਨਾਲ ਸਲਾਹ ਮਸ਼ਵਰੇ ਲਈ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੀ ਜ਼ਿੰਮੇਵਾਰੀ ਲਾਈ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਨੱਢਾ ਵੀ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ਵਿਚ ਹਨ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਵਿਰੋਧੀ ਪਾਰਟੀਆਂ ਦਾ ਸਾਂਝਾ ਉਮੀਦਵਾਰ ਬਣਨ ਦੀ ਪੇਸ਼ਕਸ਼ ਨੂੰ ਅੱਜ ਮੁੜ ਨਾਂਹ ਕਰ ਦਿੱਤੀ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਸੱਦੇ ’ਤੇ ਇਥੇ ਕੌਂਸਟੀਚਿਊਸ਼ਨ ਕਲੱਬ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਬੈਨਰਜੀ ਨੇ ਮਗਰੋਂ ਸੰਭਾਵੀ ਉਮੀਦਵਾਰਾਂ ਵਜੋਂ ਨੈਸ਼ਨਲ ਕਾਨਫਰੰਸ ਮੁਖੀ ਫ਼ਾਰੂਕ ਅਬਦੁੱਲਾ ਤੇ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲਕ੍ਰਿਸ਼ਨ ਗਾਂਧੀ ਦੇ ਨਾਂ ਸੁਝਾਏ। ਮੀਟਿੰਗ ਵਿੱਚ ਘੱਟੋ-ਘੱਟ 17 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਤੇ ਬੀਜੂ ਜਨਤਾ ਦਲ (ਬੀਜੇਡੀ) ਦੇ ਆਗੂ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਰਾਸ਼ਟਰਪਤੀ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ ਹੈ ਜਦੋਂਕਿ ਚੋਣ 18 ਜੁਲਾਈ ਨੂੰ ਹੋਣੀ ਹੈ।
ਮੀਟਿੰਗ ਉਪਰੰਤ ਡੀਐੱਮਕੇ ਆਗੂ ਟੀ.ਆਰ.ਬਾਲੂ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸ਼ਰਦ ਪਵਾਰ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਉਮੀਦਵਾਰ ਵਜੋਂ ਰਾਸ਼ਟਰਪਤੀ ਦੀ ਚੋਣ ਲੜਨ, ਪਰ ਉਨ੍ਹਾਂ ਇਸ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ।’’ ਬਾਲੂ ਨੇ ਕਿਹਾ ਕਿ ਕੁਝ ਆਗੂਆਂ ਨੇ ਮਲਿਕਾਰਜੁਨ ਖੜਗੇ, ਸ਼ਰਦ ਪਵਾਰ ਤੇ ਬੈਨਰਜੀ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਲਈ ਗੈਰ-ਭਾਜਪਾ ਪਾਰਟੀਆਂ ਨਾਲ ਗੱਲਬਾਤ ਕਰਨ। ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਰਦ ਪਵਾਰ ਨੂੰ ਅਪੀਲ ਕਰਨਗੇ ਕਿ ਉਹ ਇਸ ਪੇਸ਼ਕਸ਼ ’ਤੇ ਮੁੜ ਗੌਰ ਕਰਨ ਕਿਉਂਕਿ ਉਹ ਇਸ ਸਿਖਰਲੇ ਸੰਵਿਧਾਨਕ ਅਹੁਦੇ ਲਈ ਸਹੀ ਉਮੀਦਵਾਰ ਹਨ। ਸੀਪੀਆਈ ਦੇ ਬਿਨੋਏ ਵਿਸਵਮ ਨੇ ਕਿਹਾ, ‘‘ਮੀਟਿੰਗ ਦੌਰਾਨ ਸਾਰੀਆਂ ਧਿਰਾਂ ਇਸ ਗੱਲੋਂ ਸਹਿਮਤ ਸਨ ਕਿ ਇਕੋ ਇਕ ਉਮੀਦਵਾਰ ਹੋਵੇ, ਜੋ ਸਾਰਿਆਂ ਨੂੰ ਸਵੀਕਾਰ ਹੋਵੇ।’’ ਆਗੂ ਨੇ ਕਿਹਾ ਕਿ ਮੀਟਿੰਗ ਦੌਰਾਨ ਸਿਰਫ਼ ਸ਼ਰਦ ਪਵਾਰ ਦਾ ਨਾਂ ਹੀ ਆਇਆ। ਹਾਲਾਂਕਿ ਆਰਐੱਸਪੀ ਦੇ ਐੱਨ.ਕੇ.ਪ੍ਰੇਮਚੰਦਰਨ ਨੇ ਕਿਹਾ ਕਿ ਬੈਨਰਜੀ ਨੇ ਮਗਰੋਂ ਵਿਰੋਧੀ ਧਿਰਾਂ ਦੇ ਸਾਂਝੇ ਸੰਭਾਈ ਉਮੀਦਵਾਰਾਂ ਵਜੋਂ ਫ਼ਾਰੂਕ ਅਬਦੁੱਲਾ ਤੇ ਗੋਪਾਲਕ੍ਰਿਸ਼ਨ ਗਾਂਧੀ ਦਾ ਨਾਮ ਵੀ ਸੁਝਾਇਆ।
ਮੀਟਿੰਗ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਐੱਨਸੀਪੀ, ਡੀਐੱਮਕੇ, ਆਰਜੇਡੀ, ਖੱਬੀਆਂ ਪਾਰਟੀਆਂ, ਸ਼ਿਵ ਸੈਨਾ, ਨੈਸ਼ਨਲ ਕਾਨਫਰੰਸ, ਪੀਡੀਪੀ, ਜੇਡੀ(ਐੈੱਸ), ਆਰਐੱਸਪੀ, ਆਈਯੂਐੱਮਐੱਲ ਤੇ ਜੇਐੱਮਐੱਮ ਦੇ ਆਗੂਆਂ ਨੇ ਹਾਜ਼ਰੀ ਭਰੀ। ਮੀਟਿੰਗ ਵਿੱਚ ਐੱਨਸੀਪੀ ਦੇ ਸ਼ਰਦ ਪਵਾਰ ਤੇ ਪ੍ਰਫੁੱਲ ਪਟੇਲ, ਕਾਂਗਰਸ ਦੇ ਜੈਰਾਮ ਰਮੇਸ਼ ਤੇ ਰਣਦੀਪ ਸੁਰਜੇਵਾਲਾ, ਜੇਡੀ(ਐੱਸ) ਦੇ ਐੱਚ.ਡੀ.ਦੇਵੇਗੌੜਾ ਤੇ ਐੱਚ.ਡੀ.ਕੁਮਾਰਸਵਾਮੀ, ਸਪਾ ਦੇ ਅਖਿਲੇਸ਼ ਯਾਦਵ, ਪੀਡੀਪੀ ਦੀ ਮਹਬਿੂਬਾ ਮੁਫ਼ਤੀ ਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਸਣੇ ਹੋਰ ਕਈ ਪ੍ਰਮੁੱਖ ਆਗੂ ਸ਼ਾਮਲ ਸਨ। ਕੌਂਸਟੀਚਿਊਸ਼ਨ ਕਲੱਬ ਵਿੱਚ ਹੋਈ ਮੀਟਿੰਗ ’ਚ ਆਪ, ਟੀਆਰਐੱਸ ਤੇ ਬੀਜੇਡੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੀ ਗ਼ੈਰਹਾਜ਼ਰ ਰਿਹਾ। ਮੀਟਿੰਗ 3 ਵਜੇ ਦੇ ਕਰੀਬ ਸ਼ੁਰੂ ਹੋਈ ਤੇ ਢਾਈ ਘੰਟੇ ਦੇ ਕਰੀਬ ਚੱਲੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਿਛਲੇ ਹਫ਼ਤੇ ਸੱਤ ਮੁੱਖ ਮੰਤਰੀਆਂ ਸਣੇ 19 ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੌਮੀ ਰਾਜਧਾਨੀ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ। ਬੈਨਰਜੀ ਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਮੰਗਲਵਾਰ ਨੂੰ ਐੱਨਸੀਪੀ ਆਗੂ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਵੱਖੋ-ਵੱਖਰੀ ਮੀਟਿੰਗ ਕਰਕੇ ਸਿਖਰਲੇ ਸੰਵਿਧਾਨਕ ਅਹੁਦੇ ਲਈ ਵਿਰੋਧੀ ਧਿਰਾਂ ਵੱਲੋਂ ਸਾਂਝਾ ਉਮੀਦਵਾਰ ਮੈਦਾਨ ’ਚ ਉਤਾਰਨ ਬਾਰੇ ਵਿਚਾਰ ਚਰਚਾ ਕੀਤੀ ਸੀ। -ਪੀਟੀਆਈ
ਰਾਸ਼ਟਰਪਤੀ ਚੋਣਾਂ ਲਈ ਪਹਿਲੇ ਦਿਨ 11 ਨਾਮਜ਼ਦਗੀਆਂ ਦਾਖ਼ਲ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਨਾਲ ਹੀ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੋਟਿੰਗ 18 ਜੁਲਾਈ ਨੂੰ ਨਿਰਧਾਰਤ ਕੀਤੀ ਗਈ ਹੈ। ਨਾਮਜ਼ਦਗੀ ਦੀ ਪ੍ਰਕਿਰਿਆ ਉਸ ਦਿਨ ਸ਼ੁਰੂ ਹੋਈ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦੇ ਮੁੱਦੇ ’ਤੇ ਦਿੱਲੀ ਵਿੱਚ ਇਕ ਮੀਟਿੰਗ ਸੱਦੀ ਹੈ। ਉਮੀਦਵਾਰ 29 ਜੂਨ ਤੱਕ ਨਾਮਜ਼ਦਗੀਆਂ ਭਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 30 ਜੂਨ ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 2 ਜੁਲਾਈ ਹੈ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਅੱਜ 11 ਨਾਮਜ਼ਦਗੀਆਂ ਦਾਖ਼ਲ ਹੋਈਆਂ ਜਿਨ੍ਹਾਂਵਿੱਚੋਂ ਇੱਕ ਰੱਦ ਹੋ ਗਈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ। ਰਾਸ਼ਟਰਪਤੀ ਦੀ ਚੋਣ ਮੈਂਬਰਾਂ ਦੇ ਇਲੈਕਟੋਰਲ ਕਾਲਜ ਵੱਲੋਂ ਕੀਤੀ ਜਾਂਦੀ ਹੈ, ਜਿਸ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਕੌਮੀ ਰਾਜਧਾਨੀ ਦਿੱਲੀ ਤੇ ਯੂਟੀ ਪੁੱਡੂਚੇਰੀ ਸਣੇ ਸਾਰੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ। ਰਾਜ ਸਭਾ ਅਤੇ ਲੋਕ ਸਭਾ ਜਾਂ ਸੂਬੇ ਦੀਆਂ ਵਿਧਾਨ ਸਭਾਵਾਂ ਦੇ ਨਾਮਜ਼ਦ ਮੈਂਬਰ ਇਲੈਕਟੋਰਲ ਕਾਲਜ ਵਿੱਚ ਸ਼ਾਮਲ ਹੋਣ ਦੇ ਯੋਗ ਨਹੀਂ ਹਨ, ਇਸ ਵਾਸਤੇ ਉਹ ਚੋਣਾਂ ਵਿੱਚ ਭਾਗ ਲੈਣ ਦੇ ਹੱਕਦਾਰ ਨਹੀਂ ਹੁੰਦੇ। ਇਸੇ ਤਰ੍ਹਾਂ, ਵਿਧਾਨ ਕੌਂਸਲਾਂ ਦੇ ਮੈਂਬਰ ਵੀ ਰਾਸ਼ਟਰਪਤੀ ਚੋਣਾਂ ਲਈ ਵੋਟਰ ਨਹੀਂ ਹੁੰਦੇ ਹਨ। ਵੋਟਿੰਗ ਸੰਸਦ ਭਵਨ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ ਦਿੱਲੀ ਵਿੱਚ ਹੋਵੇਗੀ। ਰਾਸ਼ਟਰਪਤੀ ਚੋਣਾਂ ਵਿੱਚ ਐੱਨਡੀਏ ਖ਼ਿਲਾਫ਼ ਸਾਂਝਾ ਉਮੀਦਵਾਰ ਉਤਾਰਨ ’ਤੇ ਆਮ ਸਹਿਮਤੀ ਬਣਾਉਣ ਲਈ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸੱਤ ਮੁੱਖ ਮੰਤਰੀਆਂ ਸਣੇ 19 ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਸੱਦੀ ਹੈ। -ਪੀਟੀਆਈ