ਜੰਮੂ, 4 ਸਤੰਬਰ
Jammu Kashmir Elections: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਆਤਮਵਿਸ਼ਵਾਸ ਗੁਆ ਚੁੱਕੇ ਹਨ ਅਤੇ ਉਹ ਸਮਾਂ ਦੂਰ ਨਹੀਂ ਹੈ ਜਦ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਨਹੀਂ ਰਹੇਗੀ।
ਜੰਮੂ ਕਸ਼ਮੀਰ ਦੇ ਬਨਿਹਾਲ ਵਿਧਾਨ ਸਭਾ ਹਲਕੇ ਦੇ ਸੰਗਲਦਾਨ ਵਿਚ ਇਕ ਚੌਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਉਨ੍ਹਾਂ ਦੇ ਕਾਰਪੋਰੇਟ ਮਿੱਤਰ ਚਲਾ ਰਹੇ ਹਨ। ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜੀਐੱਸਟੀ ਅਤੇ ਨੋਟਬੰਦੀ ਨਾਲ ਛੋਟੇ ਕਾਰੋਬਾਰੀਆਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਿਆ ਹੈ ਕਿਉਂਕਿ ਸਰਕਾਰ ਦੋ ਅਰਬਪਤੀਆਂ ਲਈ ਕੰਮ ਕਰ ਰਹੀ ਹੈ।
ਗਾਂਧੀ ਨੇ ਤਨਜ਼ ਕਸਦਿਆਂ ਕਿਹਾ ਕਿ ਸਰਕਾਰ ‘ਹਮ ਦੋ ਹਮਾਰੇ ਦੋ’ ਦੀ ਤਰ੍ਹਾਂ ਕੰਮ ਰਹੀ ਹੈ ਜਿਸ ਵਿਚ ਮੋਦੀ-ਸ਼ਾਹ ਅਤੇ ਅੰਬਾਨੀ-ਅਡਾਨੀ ਇਹ ਚਾਰੇ ਸਰਕਾਰ ਚਲਾ ਰਹੇ ਹਨ। ਜ਼ਿਕਰਯੋਗ ਹੈ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ 18 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਪੜਾਅ ਵਿੱਚ ਚੋਣ ਲੜ ਰਹੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ 90 ਮੈਂਬਰਾਂ ਦੀ ਚੋਣ ਲਈ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਣੀ ਹੈ। -ਪੀਟੀਆਈ
ਇਹ ਵੀ ਪੜ੍ਹੋ…
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ ’ਤੇ ਸਿੰਗਾਪੁਰ ਪੁੱਜੇ
- ਬੇਅਦਬੀ ਮਾਮਲਾ: ਕੁੰਵਰ ਵਿਜੇ ਪ੍ਰਤਾਪ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ
- ਰਿਸ਼ਵਤਖ਼ੋਰੀ ਬਾਰੇ ਰਿਪੋਰਟ ਦੇ ਮੁੱਦੇ ਉਤੇ ਸਪੀਕਰ ਦੇ ਯੂ-ਟਰਨ ’ਤੇ ਬਾਜਵਾ ਨੇ ਉਠਾਏ ਸਵਾਲ
# Jammu Kashmir #Rahul Gandhi