ਨਵੀਂ ਦਿੱਲੀ, 31 ਮਾਰਚ
ਕੱਚਾਤੀਵੂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦਿੰਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਆਪਣੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਇਸ ਨੂੰ ਵਾਪਸ ਲੈਣ ਲਈ ਕਦਮ ਕਿਉਂ ਨਹੀਂ ਚੁੱਕਿਆ ਤੇ ਕਿਹਾ ਕਿ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਪ੍ਰਧਾਨ ਮੰਤਰੀ ਨਿਰਾਸ਼ ਹੋ ਕੇ ਇਹ ਸੰਵੇਦਨਸ਼ੀਲ ਮਸਲਾ ਚੁੱਕ ਰਹੇ ਹਨ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਸ਼ਹੀਦ ਹੋਏ ਭਾਰਤ ਦੇ 20 ਜਵਾਨਾਂ ਦੇ ਮਾਮਲੇ ’ਚ ਚੀਨ ਨੂੰ ‘ਕਲੀਨ ਚਿੱਟ’ ਕਿਉਂ ਦਿੱਤੀ। ਉਨ੍ਹਾਂ ਕਿਹਾ ਕਿ ਕੱਚਾਤੀਵੂ ਟਾਪੂ ਸ੍ਰੀਲੰਕਾ ਨੂੰ 1947 ਵਿੱਚ ਕੀਤੇ ਗਏ ਇੱਕ ਦੋਸਤਾਨਾ ਸਮਝੌਤੇ ਤਹਿਤ ਦਿੱਤਾ ਗਿਆ ਸੀ ਅਤੇ ਯਾਦ ਕਰਵਾਇਆ ਕਿ ਮੋਦੀ ਸਰਕਾਰ ਨੇ ਵੀ ਬੰਗਲਾਦੇਸ਼ ਨਾਲ ਇੱਕ ਅਜਿਹਾ ਹੀ ਦੋਸਤਾਨਾ ਸਮਝੌਤਾ ਕੀਤਾ ਹੋਇਆ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਆਪਣੇ ਕੁਸ਼ਾਸਨ ਦੇ 10ਵੇਂ ਸਾਲ ਵਿੱਚ ਖੇਤਰੀ ਅਖੰਡਤਾ ਤੇ ਕੌਮੀ ਸੁਰੱਖਿਆ ਦੇ ਮੁੱਦਿਆਂ ’ਤੇ ਅਚਾਨਕ ਜਾਗ ਗਏ ਹੋ। ਸ਼ਾਇਦ ਇਹ ਚੋਣਾਂ ਕਾਰਨ ਹੈ। ਤੁਹਾਡੀ ਨਿਰਾਸ਼ਾ ਸਪੱਸ਼ਟ ਝਲਕਦੀ ਹੈ।’ -ਪੀਟੀਆਈ
ਕਾਂਗਰਸ ਪੰਜ ਨੂੰ ਜਾਰੀ ਕਰੇਗੀ ਮੈਨੀਫੈਸਟੋ
ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਪੰਜ ਅਪਰੈਲ ਨੂੰ ਆਪਣਾ ਮੈਨੀਫੈਸਟੋ ਜਾਰੀ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਭਾਜਪਾ ਵੱਲੋਂ ਅੰਤਿਮ ਸਮੇਂ ’ਤੇ ਮੈਨੀਫੈਸਟੋ ਕਮੇਟੀ ਗਠਨ ਕਰਨ ’ਤੇ ਤਨਜ਼ ਕੱਸਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸ਼ਨਿਚਰਵਾਰ ਨੂੰ 27 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਅਤੇ ਪਾਰਟੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕਈ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਇਸ ਦੇ ਮੈਂਬਰ ਬਣਾਏ ਹਨ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਨੇ 16 ਮਾਰਚ ਨੂੰ ‘ਪੰਜ ਨਿਆਏ’, ‘ਪੱਚੀ ਗਾਰੰਟੀਆਂ’ ਜਾਰੀ ਕੀਤੀਆਂ ਅਤੇ ਦੇਸ਼ ਭਰ ਵਿੱਚ ਅੱਠ ਕਰੋੜ ਗਾਰੰਟੀ ਕਾਰਡ ਵੰਡਣ ਲਈ ਪਾਰਟੀ ਦੀ ‘ਘਰ ਘਰ ਗਾਰੰਟੀ’ ਮੁਹਿੰਮ ਤਿੰਨ ਅਪਰੈਲ ਨੂੰ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੈਨੀਫੈਸਟੋ ਪੰਜ ਅਪਰੈਲ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕੇ ’ਤੇ ਸ਼ੁਰੂ ਕੀਤੀ ਭਾਜਪਾ ਦੀ ਮੈਨੀਫੈਸਟੋ ਮੁਹਿੰਮ ਇੱਕ ਖਾਨਾਪੂਰਤੀ ਹੈ। ਇਹ ਦਰਸਾਉਂਦਾ ਹੈ ਕਿ ਪਾਰਟੀ ਲੋਕਾਂ ਨੂੰ ਕਿਵੇਂ ਹੱਤਕ ਭਰੀ ਨਜ਼ਰ ਨਾਲ ਦੇਖਦੀ ਹੈ। -ਪੀਟੀਆਈ