ਨਵੀਂ ਦਿੱਲੀ, 4 ਫਰਵਰੀ
ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਹਾਲਾਤ ਬਾਰੇ ‘‘ਪੂਰੀ ਤਰ੍ਹਾਂ ਚੁੱਪ’ ਧਾਰੀ ਹੋਈ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ਦੇ ਲੋਕਾਂ ਨਾਲ ‘‘ਭਿਆਨਕ ਬੇਇਨਸਾਫੀ’’ ਕੀਤੀ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਅਜਿਹੇ ਮੌਕੇ ਨਿਸ਼ਾਨਾ ਬਣਾਇਆ ਹੈ ਜਦੋਂ ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿੱਚ ਸੀਐੱਮ ਬੀਰੇਨ ਸਿੰਘ ਦੀ ਸ਼ਾਹ ਨਾਲ ਬੈਠਕ ਬਾਰੇ ਮੀਡੀਆ ਰਿਪੋਰਟ ਟੈਗ ਕਰਦਿਆਂ ਕਿਹਾ, ‘‘ਅੱਜ ਨੌਂ ਮਹੀਨੇ ਹੋ ਗਏ ਹਨ, ਪਰ ਪ੍ਰਧਾਨ ਮੰਤਰੀ ਨਾਲ ਕੋਈ ਮੀਟਿੰਗ ਨਹੀਂ, ਜਿਨ੍ਹਾਂ ਮਨੀਪੁਰ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ।’’ ਰਮੇਸ਼ ਨੇ ਕਿਹਾ, ‘‘ਪ੍ਰਧਾਨ ਮੰਤਰੀ ਰੋਡ ਸ਼ੋਅ ਲਈ ਗੁਹਾਟੀ ਜਾ ਸਕਦੇ ਹਨ, ਪਰ ਇੰਫਾਲ ਨਹੀਂ।’’ -ਪੀਟੀਆਈ