ਮੁੰਬਈ, 24 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਪਹਿਲੇ ‘ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ’ ਨਾਲ ਨਿਵਾਜਿਆ ਗਿਆ। ਉਨ੍ਹਾਂ ਇਸ ਮੌਕੇ ਲਤਾ ਮੰਗੇਸ਼ਕਰ ਨੂੰ ਯਾਦ ਕੀਤਾ ਤੇ ਕਿਹਾ ਕਿ ਦੇਸ਼ ਦੀ ਉਸਾਰੀ ਵਿਚ ਗਾਇਕਾ ਦਾ ਯੋਗਦਾਨ ਮਿਸਾਲੀ ਹੈ।
ਮੋਦੀ ਨੇ ਲਤਾ ਮੰਗੇਸ਼ਕਰ ਨੂੰ ਇਸ ਮੌਕੇ ਵੱਡੀ ਭੈਣ ਵਜੋਂ ਯਾਦ ਕਰਦਿਆਂ ਕਿਹਾ ਕਿ ਪੀੜ੍ਹੀਆਂ ਨੂੰ ਉਨ੍ਹਾਂ ਸਨੇਹ ਤੇ ਹਮਦਰਦੀ ਸਿਖਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਉਹ ਰੱਖੜੀ ’ਤੇ ਲਤਾ ‘ਦੀਦੀ’ ਨੂੰ ਬਹੁਤ ਯਾਦ ਕਰਨਗੇ। ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿਚ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਇਹ ਸਨਮਾਨ ਹਾਸਲ ਕਰਨ ਵਾਲੀ ਮੋਦੀ ਪਹਿਲੀ ਹਸਤੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ਨੇ 80 ਸਾਲ ਲੋਕਾਂ ਦਾ ਮਨੋਰੰਜਨ ਕੀਤਾ। ਉਹ ਗਰਾਮੋਫੋਨ ਦੇ ਜ਼ਮਾਨੇ ਤੋਂ ਲੈ ਕੇ ਮੋਬਾਈਲ ਐਪਸ ਆਉਣ ਤੱਕ ਬਣੇ ਹੋਏ ਹਨ। ਉਨ੍ਹਾਂ ਪੰਜ ਪੀੜ੍ਹੀਆਂ ਦੇ ਅਦਾਕਾਰਾਂ ਨੂੰ ਆਪਣੀ ਆਵਾਜ਼ ਦਿੱਤੀ। ਮੋਦੀ ਨੇ ਕਿਹਾ ਕਿ ਪੂਰਾ ਮੁਲਕ ਲਤਾ ‘ਦੀਦੀ’ ਦੇ ਯੋਗਦਾਨ ਦੀ ਕਦਰ ਕਰਦਾ ਹੈ। ਗਾਇਕੀ ਤੋਂ ਇਲਾਵਾ ਉਨ੍ਹਾਂ ਵਿਚ ‘ਰਾਸ਼ਟਰ ਭਗਤੀ’ ਵੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਜ਼ਿਕਰਯੋਗ ਹੈ ਕਿ ਅੱਜ ਲਤਾ ਮੰਗੇਸ਼ਕਰ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਦੀ 80ਵੀਂ ਬਰਸੀ ਵੀ ਸੀ। -ਪੀਟੀਆਈ