ਬਾਨਦਾਰ ਸੇਰੀ ਬੇਗਾਵਨ/ਨਵੀਂ ਦਿੱਲੀ, 3 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮੁਲਕਾਂ ਦੀ ਫੇਰੀ ਦੇ ਪਹਿਲੇ ਪੜਾਅ ਤਹਿਤ ਬਰੂਨਈ ਪਹੁੰਚ ਗਏ ਹਨ, ਜਿੱਥੇ ਉਹ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰਕ ਤੇ ਸਭਿਆਚਾਰਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਸਿਖਰਲੇ ਆਗੂਆਂ ਨਾਲ ਗੱਲਬਾਤ ਕਰਨਗੇ। ਬਰੂਨਈ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ ’ਤੇ ਸ਼ਹਿਜ਼ਾਦੇ ਅਲ-ਮੁਹਤਾਦੀ ਬਿਲਾਹ ਨੇ ਸਵਾਗਤ ਕੀਤਾ। ਮੋਦੀ ਬੁੱਧਵਾਰ ਨੂੰ ਬਰੂਨਈ ਤੋਂ ਸਿੰਗਾਪੁਰ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦੱਖਣਪੂਰਬੀ ਏਸ਼ੀਆਈ ਮੁਲਕਾਂ ਬਰੂਨਈ ਦਾਰੁੱਸਲਾਮ ਅਤੇ ਸਿੰਗਾਪੁਰ ਦੇ ਤਿੰਨ-ਰੋਜ਼ਾ ਦੌਰੇ ਉਤੇ ਰਵਾਨਾ ਹੋਏ। ਪ੍ਰਧਾਨ ਮੰਤਰੀ ਨੇ ਆਪਣੀ ਰਵਾਨਗੀ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ, ‘‘ਅੱਜ ਮੈਂ ਬਰੂਨਈ ਦਾਰੁੱਸਲਾਮ ਦੀ ਪਹਿਲੋਂ-ਪਹਿਲੜੀ ਦੁਵੱਲੀ ਫੇਰੀ ਉਤੇ ਜਾ ਰਿਹਾ ਹਾਂ। ਜਦੋਂ ਅਸੀਂ ਆਪਣੇ ਸਫ਼ਾਰਤੀ ਰਿਸ਼ਤਿਆਂ ਦੇ 40 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ, ਤਾਂ ਮੈਂ ਮੁਲਕ ਦੇ ਬਾਦਸ਼ਾਹ ਸੁਲਤਾਨ ਹਾਜੀ ਹਸਨਲ ਬੋਲਕੀਆਹ ਅਤੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ, ਤਾਂ ਕਿ ਦੋਵਾਂ ਮੁਲਕਾਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ ਜਾ ਸਕੇ।’’ -ਪੀਟੀਆਈ