ਨਵੀਂ ਦਿੱਲੀ, 28 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਖਾਦੀ ਦੀ ਵਰਤੋਂ ਦੇ ਦਿੱਤੇ ਸੱਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ‘ਆਪਸ ਵਿੱਚ ਮੇਲ ਨਹੀਂ’ ਖਾਂਦੀ। ਸ੍ਰੀ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਖਾਦੀ ਵਿਕਸਤ ਤੇ ਆਤਮਨਿਰਭਰ ਭਾਰਤ ਦੇ ਸੁਫਨੇ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਵੱਲ ਨਿਸ਼ਾਨਾ ਸੇਧਦਿਆਂ ਕਿਹਾ, ‘‘ਦੇਸ਼ ਲਈ ਖਾਦੀ, ਪਰ ਕੌਮੀ ਝੰਡੇ ਲਈ ਚੀਨੀ ਪੋਲੀਐਸਟਰ! ਹਮੇਸ਼ਾਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੀ ਕਥਨੀ ਤੇ ਕਰਨੀ ਕਦੇ ਮੇਲ ਨਹੀਂ ਖਾਂਦੀ।’’ ਕਾਬਿਲੇਗੌਰ ਹੈ ਕਿ ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਫਲੈਗ ਕੋਡ ਵਿੱਚ ਕੀਤੀ ਸੋਧ ਦੀ ਸਖ਼ਤ ਨੁਕਤਾਚੀਨੀ ਕੀਤੀ ਸੀ। ਸਰਕਾਰ ਵੱਲੋਂ ਜਾਰੀ ਇਸ ਨਵੇਂ ਕੋਡ ਮੁਤਾਬਕ ਕੌਮੀ ਝੰਡਾ ਹੱਥ ਖੱਡੀ ਤੇ ਹੱਥ ਦਾ ਬੁਣਿਆ ਜਾਂ ਮਸ਼ੀਨ ਦਾ ਬਣਿਆ ਹੋਵੇ ਤੇ ਇਸ ਲਈ ਸੂਤੀ/ ਪੋਲੀਐਸਟਰ/ ਉੱਨੀ/ ਸਿਲਕ ਖਾਦੀ ਵਰਤੀ ਜਾਵੇ। ਇਸ ਤੋੋਂ ਪਹਿਲਾਂ ਮਸ਼ੀਨੀ ਤੇ ਪੋਲੀਐਸਟਰ ਦੇ ਝੰਡਿਆਂ ਨੂੰ ਵਰਤਣ ਦੀ ਮਨਾਹੀ ਸੀ। ਸ੍ਰੀ ਮੋਦੀ ਨੇ ਲੰਘੇ ਦਿਨ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ’ਚ ਨਦੀ ਕੰਢੇ ‘ਖਾਦੀ ਉਤਸਵ’ ਦੌਰਾਨ ਕਿਹਾ ਸੀ ਕਿ ਕਦੇ ਆਤਮ-ਨਿਰਭਰਤਾ ਦਾ ਪ੍ਰਤੀਕ ਮੰਨੀ ਜਾਂਦੀ ਖਾਦੀ ਨਾਲ ਆਜ਼ਾਦੀ ਮਗਰੋਂ ਤੁੱਛ ਉਤਪਾਦ ਵਾਲਾ ਵਿਹਾਰ ਕੀਤਾ ਜਾਂਦਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਤਿਉਹਾਰੀ ਸੀਜ਼ਨ ਦੌਰਾਨ ਖਾਦੀ ਉਤਪਾਦ ਤੋਹਫੇ ਵਜੋਂ ਦੇਣ। -ਪੀਟੀਆਈ