ਅੰਮਾਨ, 3 ਅਪਰੈਲ
ਜੌਰਡਨ ਦੇ ਰਾਜਾ ਅਬਦੁੱਲਾ ਦੂਜੇ ਦੇ ਮਤਰੇਏ ਭਰਾ ਸ਼ਹਿਜ਼ਾਦਾ ਹਮਜ਼ਾ ਨੇ ਐਤਵਾਰ ਨੂੰ ਆਪਣਾ ਸ਼ਾਹੀ ਖ਼ਿਤਾਬ ਤਿਆਗ ਦਿੱਤਾ ਹੈ। ਸ਼ਾਹੀ ਘਰਾਣੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਲਗਪਗ ਇੱਕ ਸਾਲ ਘਰ ਵਿੱਚ ਨਜ਼ਰਬੰਦ ਹਮਜ਼ਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਹਮਜ਼ਾ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖ਼ਿਤਾਬ ਇਸ ਕਰਕੇ ਛੱਡਿਆ ਹੈ ਕਿਉਂਕਿ ‘ਮੇਰੀਆਂ ਕਦਰਾਂ ਕੀਮਤਾਂ, ਸਾਡੀਆਂ ਸੰਸਥਾਵਾਂ ਦੇ ਨਜ਼ਰੀਏ, ਪ੍ਰਵਿਰਤੀਆਂ ਅਤੇ ਆਧੁਨਿਕ ਤਰੀਕਿਆਂ ਦੇ ਮੁਤਾਬਕ ਨਹੀਂ ਹਨ।’’ ਦੂਜੇ ਪਾਸੇ ਸ਼ਾਹੀ ਘਰਾਣੇ ਨੇ ਕਿਹਾ ਕਿ ਸ਼ਹਿਜ਼ਾਦ ਹਮਜ਼ਾ ਨੇ ਕਥਿਤ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਲਈ ਪਿਛਲੇ ਮਹੀਨੇ ਮੁਆਫ਼ੀ ਮੰਗ ਲਈ ਸੀ। ਸ਼ਾਹੀ ਘਰਾਣੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਨੂੰ ਹਮਜ਼ਾ ਨੂੰ ਪਿਛਲੇ ਸਾਲ ਅਪਰੈਲ ਮਹੀਨੇ ਨਜ਼ਰਬੰਦ ਕੀਤਾ ਗਿਆ ਸੀ। ਉਦੋਂ ਇੱਕ ਵੀਡੀਓ ਵਿੱਚ ਹਮਜ਼ਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੀ ਉਨ੍ਹਾਂ ਨੂੰ ਸਰਕਾਰੀ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ। -ਏਪੀ