ਦਿਓਘਰ/ਗੋਡਾ, 13 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਕਾਂਗਰਸ ਦੇ ‘ਸ਼ਹਿਜ਼ਾਦੇ’ ਵੱਲੋਂ ਐੱਸਸੀ, ਐੱਸਟੀ ਅਤੇ ਓਬੀਸੀ ਵਰਗਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤਹਿਤ ਉਨ੍ਹਾਂ ਦਾ ਰਾਖਵਾਂਕਰਨ ਖਤਮ ਕਰਨ ਦਾ ਰਚੀ ਜਾ ਰਹੀ ਹੈ। ਝਾਰਖੰਡ ’ਚ ਭਾਜਪਾ ਦੀਆਂ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਾਲੀ ਸਰਕਾਰ ਨੇ ਘੁਸਪੈਠੀਆਂ ਨੂੰ ਸੂਬੇ ਦੇ ਸਥਾਈ ਨਾਗਰਿਕ ਬਣਨ ’ਚ ਮਦਦ ਕੀਤੀ। ਦਿਓਘਰ ’ਚ ਜਨਤਕ ਰੈਲੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਝਾਰਖੰਡ ਦੀ ਪਛਾਣ ਬਦਲਣ ਲਈ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ।’’ ਮੋਦੀ ਨੇ ਅਨਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਅਤੇ ਪਛੜੇ ਵਰਗਾਂ (ਓਬੀਸੀ) ਨੂੰ ‘ਕਮਜ਼ੋਰ’ ਕਰਨ ਸਣੇ ਅਜਿਹੀਆਂ ਹੋਰ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਵਾਅਦਾ ਕਰਦਿਆਂ ਭਰੋਸੇ ਨਾਲ ਆਖਿਆ ਕਿ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਝਾਰਖੰਡ ’ਚ ਸਰਕਾਰ ਬਣਾਉਣ ਜਾ ਰਿਹਾ ਅਤੇ ਉਹ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ। -ਪੀਟੀਆਈ
ਨਿਤੀਸ਼ ਕੁਮਾਰ ਨੇ ਬਿਹਾਰ ਨੂੰ ‘ਜੰਗਲ ਰਾਜ’ ਵਿੱਚੋਂ ਬਾਹਰ ਕੱਢਿਆ: ਮੋਦੀ
ਦਰਭੰਗਾ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੂਬੇ ਨੂੰ ਕਥਿਤ ‘ਜੰਗਲ ਰਾਜ’ ਵਿੱਚੋਂ ਕੱਢਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸੂਬੇ ਵਿੱਚ ਚੰਗਾ ਸ਼ਾਸਨ ਸਥਾਪਤ ਕੀਤਾ ਹੈ। ਕਾਂਗਰਸ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਇਹ ਗੱਲ ਅੱਜ ਉੱਤਰੀ ਬਿਹਾਰ ਦੇ ਦਰਭੰਗਾ ’ਚ ਏਮਸ ਦਾ ਨੀਂਹ ਪੱਥਰ ਰੱਖਣ ਤੇ 12,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਉਦਘਾਟਨੀ ਸਮਾਗਮ ਮੌਕੇ ਆਖੀ। -ਪੀਟੀਆਈ