ਨਵੀਂ ਦਿੱਲੀ: ਸੀਬੀਆਈ ਨੇ ਕੇਂਦਰੀ ਵਿਦਿਆਲਾ, ਵਾਲਟੇਅਰ (ਆਂਧਰਾ ਪ੍ਰਦੇਸ਼) ਦੇ ਪ੍ਰਿੰਸੀਪਲ ਨੂੰ ਕਥਿਤ ਤੌਰ ’ਤੇ 193 ਅਯੋਗ ਵਿਦਿਆਰਥੀਆਂ ਨੂੰ ਜਾਅਲੀ ਸਰਵਿਸ ਸਰਟੀਫਿਕੇਟਾਂ, ਜਿਹੜੇ ਕਿ ਕਥਿਤ ਤੌਰ ਕੇਂਦਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਰਿਸ਼ਵਤ ਲੈ ਕੇ ਜਾਰੀ ਕੀਤੇ ਗਏ ਸਨ, ਦੇ ਆਧਾਰ ’ਤੇ ਦਾਖਲਾ ਦੇਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪ੍ਰਿੰਸੀਪਲ ਐੱਸ. ਸ੍ਰੀਨਿਵਾਸ ਰਾਜਾ ਖ਼ਿਲਾਫ਼ ਵਿੱਦਅਕ ਸਾਲ 2022-23 ਵਿੱਚ 124 ਅਯੋਗ ਵਿਦਿਆਰਥੀਆ ਅਤੇ ਸੈਸ਼ਨ 2021-22 ਵਿੱਚ ਅਜਿਹੇ 69 ਵਿਦਿਆਰਥੀਆਂ ਨੂੰ ਦਾਖਲਾ ਦੇਣ ਦੇ ਸਬੰਧ ’ਚ ਦੋ ਐੱਫਆਈਆਰ ਦਰਜ ਕੀਤੀਆਂ ਹਨ। ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਰਾਜਾ ਨੇ ਅਯੋਗ ਵਿਦਿਆਰਥੀਆਂ ਦੇ ਮਾਪਿਆਂ ਨਾਲ ਕਥਿਤ ਸਾਜ਼ਿਸ਼ ਘੜੀ ਅਤੇ ਅਰਜ਼ੀਆਂ ਤੇ ਸਰਵਿਸ ਸਰਟੀਫਿਕੇਟਾਂ ਦੀ ਪੁਸ਼ਟੀ ਕੀਤੇ ਬਿਨਾਂ ਉਨ੍ਹਾਂ ਨੂੰ ਵੱਖ-ਵੱਖ ਕਲਾਸਾਂ ’ਚ ਦਾਖਲਾ ਦਿੱਤਾ। -ਪੀਟੀਆਈ