ਜੋਧਪੁਰ: ਰਾਜਸਥਾਨ ਹਾਈ ਕੋਰਟ ਨੇ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਅਖੌਤੀ ਸਾਧ ਆਸਾਰਾਮ ਬਾਪੂ ਨੂੰ ਦਿਨ ਵਿੱਚ ਇੱਕ ਵਾਰ ਬਾਹਰੋਂ ਖਾਣਾ ਮੰਗਵਾਊਣ ਦੀ ਇਜਾਜ਼ਤ ਦਿੱਤੀ ਹੈ। ਨਾਬਾਲਗ ਲੜਕੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਹੇਠ ਆਸਾਰਾਮ ਇਸ ਵੇਲੇ ਊਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਅਸਾਰਾਮ ਨੂੰ ਬਾਹਰੋਂ ਲਿਆਂਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਪਹਿਲਾਂ ਖਾਣੇ ਦੀ ਪੂਰੀ ਜਾਂਚ ਕੀਤੀ ਜਾਇਆ ਕਰੇਗੀ। ਅਦਾਲਤ ਨੇ ਅਖੌਤੀ ਸਾਧ ਨੂੰ ਬਾਹਰ ਦੇ ਖਾਣੇ ਦਾ ਸਿਹਤ ’ਤੇ ਕੋਈ ਬੁਰਾ ਅਸਰ ਪੈਣ ਦੀ ਜ਼ਿੰਮੇਵਾਰੀ ਲੈਂਦਿਆਂ ਹਲਫ਼ਨਾਮਾ ਦੇਣ ਲਈ ਆਖਿਆ ਹੈ। ਅਦਾਲਤ ਦੇ ਆਦੇਸ਼ ਅਨੁਸਾਰ ਦਿਨ ਵਿੱਚ ਇੱਕ ਵਾਰ ਖਾਣਾ ਲਿਆਊਣ ਵਾਲੇ ਵਿਅਕਤੀ ਨੂੰ ਵੀ ਜੇਲ੍ਹ ਪ੍ਰਸ਼ਾਸਨ ਕੋਲ ਆਪਣੇ ਵੇਰਵਿਆਂ ਅਤੇ ਸ਼ਨਾਖ਼ਤ ਸਬੰਧੀ ਹਲਫ਼ਨਾਮਾ ਦੇਣਾ ਪਵੇਗਾ। -ਪੀਟੀਆਈ