ਪ੍ਰਭੂ ਦਿਆਲ
ਸਿਰਸਾ, 9 ਜਨਵਰੀ
ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਵਧ ਰਹੇ ਕਰੋਨਾਵਾਇਰਸ ਅਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਕੇਸਾਂ ਦੇ ਮੱਦੇਨਜ਼ਰ ਜੇਲ੍ਹ ਵਿਚ ਬੰਦ ਕੈਦੀਆਂ ਨਾਲ ਰੂਟੀਨ ਦੀ ਮੁਲਾਕਾਤ ’ਤੇ ਪਾਬੰਦੀ ਰਹੇਗੀ। ਜੇਲ੍ਹ ਸਟਾਫ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਦੀ ਘੱਟ ਤੋਂ ਘੱਟ ਇਜਾਜ਼ਤ ਦਿੱਤੀ ਜਾਵੇਗੀ। ਨਵੇਂ ਕੈਦੀਆਂ ਅਤੇ ਬੰਦੀਆਂ ਨੂੰ ਕੋਵਿਡ ਨੇਮਾਂ ਅਨੁਸਾਰ ਆਈਸੋਲੇਟ ਦਾ ਸਮਾਂ ਪੂਰਾ ਹੋਣ ਮਗਰੋਂ ਹੀ ਜੇਲ੍ਹ ਅੰਦਰ ਭੇਜਿਆ ਜਾਵੇਗਾ। ਉਹ ਅੱਜ ਆਪਣੇ ਨਿਵਾਸ ਸਥਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।